Shiromani Akali Dal: ਭਗਵੰਤ ਮਾਨ ਦੀ ਗ੍ਰਿਫ਼ਤਾਰੀ ਤੈਅ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਭ੍ਰਿਸ਼ਟਾਚਾਰ ਦਾ ਮਾਮਲਾ ਸੀ ਬੀ ਆਈ ਜਾਂਚ ਵੱਲ ਵਧਣ ਨਾਲ ‘ਆਪ’ ਸਰਕਾਰ ਦੀ ‘ਖੇਡ ਖ਼ਤਮ’ ਹੋ ਚੁੱਕੀ ਹੈ। ਉਹ ਅੱਜ ਪਿੰਡ ਬਾਦਲ...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਭ੍ਰਿਸ਼ਟਾਚਾਰ ਦਾ ਮਾਮਲਾ ਸੀ ਬੀ ਆਈ ਜਾਂਚ ਵੱਲ ਵਧਣ ਨਾਲ ‘ਆਪ’ ਸਰਕਾਰ ਦੀ ‘ਖੇਡ ਖ਼ਤਮ’ ਹੋ ਚੁੱਕੀ ਹੈ। ਉਹ ਅੱਜ ਪਿੰਡ ਬਾਦਲ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਹਾਈ ਕੋਰਟ ਵੱਲੋਂ ਤਬਾਦਲਿਆਂ ਅਤੇ ਪੋਸਟਿੰਗਾਂ ਸਬੰਧੀ ਲੈਣ-ਦੇਣ ਦੀ ਪੜਤਾਲ ਸੀ ਬੀ ਆਈ ਨੂੰ ਸੌਂਪੇ ਜਾਣ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਜਿਹੇ ਕਿਸੇ ਮਾਮਲੇ ’ਚ ਗ੍ਰਿਫ਼ਤਾਰ ਹੋਣ ਵਾਲੇ ਦੇਸ਼ ਦੇ ਦੂਜੇ ਮੁੱਖ ਮੰਤਰੀ ਹੋ ਸਕਦੇ ਹਨ। 2022 ਵਿਚ ਆਏ ‘ਬਦਲਾਅ’ ਦੀ ਹਕੀਕਤ ਇਸ ਤਾਜ਼ਾ ਅਦਾਲਤੀ ਫ਼ੈਸਲੇ ਨਾਲ ਜਨਤਕ ਹੋ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ।
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਇਸ ਕਥਿਤ ਭ੍ਰਿਸ਼ਟਾਚਾਰ ਦੇ ਤਾਰ ਕੇਜਰੀਵਾਲ ਤੇ ਭਗਵੰਤ ਮਾਨ ਨਾਲ ਜੁੜੇ ਹਨ। ਸੀ ਬੀ ਆਈ ਜਾਂਚ ਅੱਗੇ ਵਧਣ ’ਤੇ ਕਈ ਲੋਕ ਜੇਲ੍ਹ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਵਾਅਦਿਆਂ ਦੇ ਉਲਟ ‘ਆਪ’ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ।
ਆਗਾਮੀ ਚੋਣਾਂ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਹੋਵੇਗਾ, ਪੰਜਾਬ ਵਿੱਚ ‘ਆਪ’ ਦੀ ਸਿਆਸੀ ਖੇਡ ਖ਼ਤਮ ਹੋ ਚੁੱਕੀ ਹੈ, ਜਿਸ ਦੀ ਹਕੀਕਤ ਅੱਜ ਹਾਈ ਕੋਰਟ ਦੇ ਫ਼ੈਸਲੇ ਨਾਲ ਜਨਤਕ ਹੋ ਗਈ ਹੈ। ਪਰਗਟ ਸਿੰਘ ਨੂੰ ਕਾਂਗਰਸ ਪ੍ਰਧਾਨ ਬਣਾਉਣ ਬਾਰੇ ਉਨ੍ਹਾਂ ‘ਬੈਸਟ ਆਫ ਲੱਕ’ ਆਖਦਿਆਂ ਕਿਹਾ ਕਿ ਦਿੱਲੀ ਆਧਾਰਿਤ ਕਾਂਗਰਸ ਅਤੇ ‘ਆਪ’ ਪੰਜਾਬ ਵਿੱਚ ਰਾਜ ਕਰਨ ਤੇ ਖ਼ਜ਼ਾਨਾ ਲੁੱਟਣ ਆਉਂਦੀਆਂ ਹਨ। ਪੰਜਾਬ ਦੇ ਸੁਚੱਜੇ ਭਵਿੱਖ ਲਈ ਮਜ਼ਬੂਤ ਮੁੱਖ ਮੰਤਰੀ ਤੇ ਖੇਤਰੀ ਪਾਰਟੀ ਚਾਹੀਦੀ ਹੈ। ਭਾਜਪਾ ਨਾਲ ਸੰਭਾਵਿਤ ਗੱਠਜੋੜ ਬਾਰੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਵਾਰਿਸ ਪੰਜਾਬ ਬਾਰੇ ਸਵਾਲ ’ਤੇ ਸਾਬਕਾ ਉਪ ਮੁੱਖ ਮੰਤਰੀ ਨੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਅਜਿਹੇ ਸੰਗਠਨ ਸਿਆਸੀ ਲਾਹਾ ਲੈਣ ਲਈ ‘ਆਪ’ ਵੱਲੋਂ ਖੜ੍ਹੇ ਕੀਤੇ ਗਏ ਹਨ।
ਅਕਾਲੀ ਦਲ ਵਿੱਚ ਅਜੋਕੀ ਮੂਹਰਲੀ ਕਤਾਰ ਵਿੱਚ ਵੋਟ ਵਜੂਦ ਵਾਲੇ ਆਗੂਆਂ ਦੀ ਘਾਟ ਸਬੰਧੀ ਸਵਾਲ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਚਿਹਰਾ ਹਮੇਸ਼ਾ ਇੱਕ ਹੀ ਹੁੰਦਾ ਹੈ, ਪਰ ਸੰਗਠਨ ਵਿੱਚ ਹਰ ਪੱਧਰ ਦੇ ਆਗੂ ਅਤੇ ਵਰਕਰ ਦਾ ਆਪਣਾ ਯੋਗਦਾਨ ਹੁੰਦਾ ਹੈ। ਪਾਰਟੀ ਵੱਲੋਂ ਪੰਜਾਬ ਭਰ ਵਿੱਚ ਘਰ-ਘਰ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਦਾ ਆਗਾਜ਼ ਉਹ ਖ਼ੁਦ ਗਿੱਦੜਬਾਹਾ ਹਲਕੇ ਦੇ ਪਿੰਡ ਦੋਦਾ ਤੋਂ ਕਰਨਗੇ।

