ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 29 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਸਿੱਖ ਜਥੇਬੰਦੀਆਂ ਨੇ ਅੱਜ ਡੇਰਾ ਸਿਰਸਾ ਦੇ ਮੁਖੀ ਵੱਲੋਂ ਬਠਿੰਡਾ ਵਿਚਲੇ ਮੁੱਖ ਹੈਡਕੁਆਰਟਰ ਡੇਰਾ ਸਲਾਬਤਪੁਰਾ ਵਿਖੇ ਕੀਤੇ ਜਾ ਰਹੇ ਵਰਚੁਅਲ ਸਤਿਸੰਗ ਖਿਲਾਫ਼ ਰੋਸ ਪ੍ਰਗਟ ਕਰਦਿਆਂ ਬਾਜਾਖਾਨਾ-ਬਰਨਾਲਾ ਸੜਕ ‘ਤੇ ਪੈਂਦੇ ਪਿੰਡ ਜਲਾਲ ਦੇ ਬੱਸ ਅੱਡੇ ‘ਤੇ ਜਾਮ ਲਗਾਇਆ, ਜਿਸ ਨੂੰ ਪੁਲੀਸ ਨੇ ਮਗਰੋਂ ਖੁਲਵਾ ਦਿੱਤਾ। ਪੁਲੀਸ ਜਾਮ ਲਗਾਉਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਦੱਸੀ ਥਾਂ ਵੱਲ ਲੈ ਗਈ। ਗ੍ਰਿਫ਼ਤਾਰੀ ਮੌਕੇ ਸਿੱਖ ਆਗੂਆਂ ਤੇ ਵਰਕਰਾਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਤੋਂ ਪਹਿਲਾਂ ਇਥੇ ਇਕੱਤਰ ਸਿੱਖ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਡੇਰਾ ਸਿਰਸਾ ਦੀਆਂ ਵਧਦੀਆਂ ਸਰਗਰਮੀਆਂ ਦਾ ਤਿੱਖਾ ਵਿਰੋਧ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਭਾਈ ਰਣਜੀਤ ਸਿੰਘ ਵਾਂਦਰ, ਬਾਬਾ ਬਲਜਿੰਦਰ ਸਿੰਘ ਲੱਛਾ, ਦਮਦਮੀ ਟਕਸਾਲ ਦੇ ਬਾਬਾ ਰੇਸ਼ਮ ਸਿੰਘ, ਡਾ. ਬਲਜੀਤ ਸਿੰਘ ਸਰਾਵਾਂ, ਅੰਮ੍ਰਿਤਪਾਲ ਸਿੰਘ ਜਲਾਲ, ਸਤਨਾਮ ਸਿੰਘ ਬਿਲਾਸਪੁਰ, ਜਗਸੀਰ ਸਿੰਘ ਅਤੇ ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਮੁਖੀ ਦਾ ਨਾਮ ਵੀ ਆ ਚੁੱਕਾ ਹੈ, ਪਰ ਕੇਂਦਰ ਤੇ ਪੰਜਾਬ ਸਰਕਾਰ ਉਸ ਖਿਲਾਫ ਕੋਈ ਕਾਰਵਾਈ ਦੀ ਥਾਂ ਪੁਲੀਸ ਦੇ ਪਹਿਰੇ ਹੇਠ ਉਸ ਦੀਆਂ ਨਾਮ ਚਰਚਾਵਾਂ ਕਰਵਾ ਰਹੀ ਹੈ। ਉਨ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁੜ-ਮੁੜ ਪੈਰੋਲ ਦੇਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਉਸ ਦੀ ਪੈਰੋਲ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਇਕ ਪਾਸੇ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਪਿਛਲੇ ਲੰਮੇ ਸਮੇਂ ਤੋ ਸੰਘਰਸ਼ ਕਰ ਰਹੀ ਹੈ ਤੇ ਦੂਜੇ ਪਾਸੇ ਸੰਗੀਨ ਕੇਸਾਂ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਹੈ, ਜਿਸ ਨੂੰ ਸਿੱਖ ਸੰਗਤਾਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੀਆਂ। ਜਾਮ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਪੁਲੀਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ
ਗ੍ਰਿਫ਼ਤਾਰ ਕੀਤੇ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਡੇਰਾ ਮੁਖੀ ਦੇ ਹੱਕ ਵਿੱਚ ਭੁਗਤ ਰਹੀ ਹੈ ਜਦਕਿ ਚਾਹੀਦਾ ਤਾਂ ਇਹ ਸੀ ਕਿ ਸਿੱਖ ਸੰਗਤਾਂ ਦੇ ਰੋਹ ਤੇ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਸਰਕਾਰ ਡੇਰਾ ਮੁਖੀ ਦੇ ਵਰਚੁਅਲ ਸਤਿਸੰਗ ਨੂੰ ਬੰਦ ਕਰਵਾਉਂਦੀ। ਇਨ੍ਹਾਂ ਆਗੂਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਭਾਈ ਰਣਜੀਤ ਸਿੰਘ ਵਾਂਦਰ, ਬਾਬਾ ਬਲਜਿੰਦਰ ਸਿੰਘ ਲੱਛਾ, ਦਮਦਮੀ ਟਕਸਾਲ ਦੇ ਬਾਬਾ ਰੇਸ਼ਮ ਸਿੰਘ, ਡਾ. ਬਲਜੀਤ ਸਿੰਘ ਸਰਾਵਾਂ, ਗੁਰਚਰਨ ਸਿੰਘ ਭਗਤਾ ਭਾਈ, ਅੰਮ੍ਰਿਤਪਾਲ ਸਿੰਘ ਜਲਾਲ, ਸਤਨਾਮ ਸਿੰਘ ਬਿਲਾਸਪੁਰ, ਜਗਸੀਰ ਸਿੰਘ, ਤਰਸੇਮ ਸਿੰਘ ਆਦਿ ਸ਼ਾਮਿਲ ਹਨ।