ਸ਼ਹੀਦੀ ਨਗਰ ਕੀਰਤਨ ਤਖ਼ਤ ਦਮਦਮਾ ਸਾਹਿਬ ਤੋਂ ਰਵਾਨਾ
ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅਸਾਮ ਦੇ ਗੁਰਦੁਆਰਾ ਧੁਬੜੀ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਬੀਤੀ ਰਾਤ ਤਖ਼ਤ ਦਮਦਮਾ ਸਾਹਿਬ ਪਹੁੰਚਿਆ। ਰਾਤ ਦਾ ਵਿਸ਼ਰਾਮ ਕਰਨ ਮਗਰੋਂ ਅੱਜ ਇਹ ਨਗਰ ਕੀਰਤਨ ਆਰੰਭਿਕ ਅਰਦਾਸ ਕਰਨ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਹੇਠ ਅਗਲੇ ਪੜਾਅ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਤਖ਼ਤ ਦਮਦਮਾ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਦੇ ਮੁੱਖ ਸਮਾਗਮ 23 ਤੋਂ 29 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਣਗੇ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਦੇ ਇਤਿਹਾਸ ’ਤੇ ਚਾਨਣਾ ਪਾਇਆ। ਇਸ ਮਗਰੋਂ ਧਾਮੀ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ। ਨਗਰ ਕੀਰਤਨ ਦੀ ਆਰੰਭਿਕ ਅਰਦਾਸ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਭਾਈ ਕੇਵਲ ਸਿੰਘ ਨੇ ਕੀਤੀ। ਇਸ ਮੌਕੇ ਪੰਜਾਬ ਪੁਲੀਸ ਦੀ ਵਿਸ਼ੇਸ਼ ਟੁਕੜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਭੇਟ ਕੀਤੀ। ਨਗਰ ਕੀਰਤਨ ਦੇ ਅੱਗੇ-ਅੱਗੇ ਗੱਤਕਾ ਟੀਮਾਂ ਆਪਣੇ ਜੌਹਰ ਦਿਖਾਉਂਦੀਆਂ ਚੱਲ ਰਹੀਆਂ ਸਨ। ਨਗਰ ਕੀਰਤਨ ਦੀ ਆਰੰਭਤਾ ਮੌਕੇ ਬਾਬਾ ਕਾਕਾ ਸਿੰਘ ਮਸਤੂਆਣਾ ਸਾਹਿਬ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ ਸ਼੍ੋਮਣੀ ਕਮੇਟੀ ਦੇ ਹੋਰ ਮੈਂਬਰਾਂ, ਅਧਿਕਾਰੀਆਂ ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ।

