Sewage Overflowing Onto Streets: ਸੀਵਰੇਜ ਓਵਰਫਲੋਅ ਹੋਣ ਕਾਰਨ ਤੁਰਨਾ ਹੋਇਆ ਮੁਹਾਲ
ਿਮਾਰੀਆਂ ਫੈਲਣ ਦਾ ਖ਼ਦਸ਼ਾ; ਮੌਨਸੂਨ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੀ ਪੋਲ ਖੁੱਲ੍ਹੀ
ਮਾਨਸਾ ਸ਼ਹਿਰ ਵਿੱਚ ਕੁੱਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਸ਼ਹਿਰ ਦੀਆਂ ਕਈ ਸੜਕਾਂ ਅਤੇ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਭਰ ਗਿਆ। ਸੀਵਰੇਜ ਦੇ ਪਾਣੀ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਸ਼ਹਿਰ ਦੇ ਕਈ ਵਾਰਡ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ, ਪਰ ਮੀਂਹ ਤੋਂ ਬਾਅਦ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਦੇ ਕਈ ਥਾਵਾਂ ’ਤੇ ਸੀਵਰੇਜ ਓਵਰਫਲੋਅ ਹੋ ਕੇ ਸੜਕਾਂ ਅਤੇ ਗਲੀਆਂ ਵਿੱਚ ਫੈਲ ਗਿਆ ਹੈ, ਜਿਸ ਨਾਲ ਪੈਦਲ ਅਤੇ ਦੋਪਹੀਆ ਵਾਹਨਾਂ ਵਾਲੇ ਰਾਹੀਗਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰ ਨਗਰ ਮੁਹੱਲਾ, ਜੰਡਾਂਵਾਲਾ ਸਕੂਲ, ਪ੍ਰੀਤ ਨਗਰ, ਗੁਰੂ ਨਾਨਕ ਬਸਤੀ, ਧੀਰ ਵਾਲੀ ਗਲੀ, ਕਾਮਰੇਡ ਦੀ ਚੱਕੀ ਕੋਲ, ਖਾਲਸਾ ਸਕੂਲ ਸਣੇ ਹੋਰਨਾਂ ਖੇਤਰਾਂ ਵਿੱਚ ਸੀਵਰੇਜ ਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕ ਤੰਗ ਹਨ। ਸ਼ਹਿਰ ਵਾਸੀ ਭੁਪਿੰਦਰ ਸਿੰਘ, ਪੰਕਜ ਮਿੱਤਲ, ਪ੍ਰਿੰਸ, ਸ਼ਿਵ, ਤਰਸੇਮ ਪਸਰੀਚਾ, ਗੋਲਡੀ ਗਾਂਧੀ, ਯਾਦਵਿੰਦਰ ਸਿੰਘ, ਸਾਬਕਾ ਕੌਂਸਲਰ ਗੁਰਦੀਪ ਸਿੰਘ ਸੇਖੋਂ, ਸੁਖਵਿੰਦਰ ਸਿੰਘ, ਬਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਜ਼ਿਆਦਾ ਮੀਂਹ ਨਹੀਂ ਪਿਆ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਮੀਂਹ ਪੈ ਗਿਆ ਤਾਂ ਸਥਿਤੀ ਹੋਰ ਵੀ ਗੰਭੀਰ ਬਣ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਹਰ ਸਾਲ ਮੌਨਸੂਨ ਤੋਂ ਪਹਿਲਾਂ ਸੀਵਰੇਜ ਦੀ ਸਫ਼ਾਈ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਕਿਧਰੇ ਨਜ਼ਰ ਨਹੀਂ ਆਉਂਦੇ ਹਨ। ਸੀਵਰੇਜ ਦਾ ਪਾਣੀ ਖੜ੍ਹਨ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਸਮੱਸਿਆ ਦਾ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ।

