ਪਵਨ ਗੋਇਲ
ਭੁੱਚੋ ਮੰਡੀ, 13 ਜੁਲਾਈ
ਪਿੰਡ ਲਹਿਰਾ ਖਾਨਾ ਵਿੱਚ ਛੱਪੜ ਓਵਰਫਲੋਅ ਹੋਣ ਕਾਰਨ ਦਲਿਤ ਪਰਿਵਾਰਾਂ ਦੇ ਘਰਾਂ ਵਿੱਚ ਗੰਦਾ ਪਾਣੀ ਵੜ ਗਿਆ ਅਤੇ ਗਲੀ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਜਮ੍ਹਾਂ ਹੋ ਗਿਆ। ਨਿਕਾਸੀ ਦਾ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ।
ਪੀੜਤ ਮਨਪ੍ਰੀਤ ਸਿੰਘ, ਮਾਸਟਰ ਕਰਮ ਸਿੰਘ, ਤ੍ਰਿਲੋਚਨ ਸਿੰਘ, ਜਸਪਾਲ ਸਿੰਘ, ਤ੍ਰਿਲੋਕ ਸਿੰਘ ਅਤੇ ਗੁਰਨੈਬ ਸਿੰਘ ਨੇ ਕਿਹਾ ਕਿ ਕੱਲ੍ਹ ਹੋਈ ਭਾਰੀ ਬਾਰਸ਼ ਕਾਰਨ ਗਲੀ ਵਿੱਚ ਤਿੰਨ ਤੋਂ ਚਾਰ ਫੁੱਟ ਅਤੇ ਘਰਾਂ ਦੇ ਕਮਰਿਆਂ ਵਿੱਚ ਪਾਣੀ ਭਰ ਗਿਆ ਸੀ। ਇਸ ਕਾਰਨ ਦੁਧਾਰੂ ਪਸ਼ੂਆਂ ਦੀਆਂ ਖੁਰਲੀਆਂ ਜ਼ਮੀਨ ਵਿੱਚ ਧਸ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੀਂਹ ਦਾ ਪਾਣੀ ਗਲੀਆਂ ਰਾਹੀਂ ਖੇਤਾਂ ਵੱਲ ਨਿਕਲ ਜਾਂਦਾ ਸੀ। ਹੁਣ ਪੰਚਾਇਤ ਨੇ ਪਿੰਡ ਦੀ ਫਿਰਨੀ ਤਿੰਨ ਫੁੱਟ ਉੱਚੀ ਚੁੱਕ ਕੇ ਸੜਕ ਤਾਂ ਬਣਾ ਦਿੱਤੀ ਪਰ ਪਾਣੀ ਦੀ ਨਿਕਾਸੀ ਲਈ ਲੋੜੀਂਦੀਆਂ ਪਾਈਪਾਂ ਨਹੀਂ ਦੱਬੀਆਂ। ਇਸ ਕਾਰਨ ਸਾਰਾ ਗੰਦਾ ਪਾਣੀ ਘਰਾਂ ਵਿੱਚ ਵੜ ਗਿਆ।
ਉਨ੍ਹਾਂ ਕਿਹਾ ਕਿ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਉਨ੍ਹ੍ਵਾਂ ਨੂੰ ਘਰੋਂ ਨਿਕਲਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
ਸਮੱਸਿਆ ਗੰਭੀਰ ਹੋਣ ਕਾਰਨ ਮਾਮਲਾ ਭੁੱਚੋ ਪੁਲੀਸ ਤੱਕ ਜਾ ਪੁੱਜਿਆ। ਪੁਲੀਸ ਪਾਰਟੀ ਸਣੇ ਮੌਕੇ ‘ਤੇ ਪੁੱਜੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਵਾਂਗ ਮੀਂਹ ਦਾ ਪਾਣੀ ਰਾਹਾਂ ਵਿੱਚੋਂ ਦੀ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿੱਚ ਇੱਕ ਗਲੀ ਦੇ ਲੋਕਾਂ ਨੇ ਤਾਂ ਪੀੜਤਾਂ ਦੇ ਘਰ ਬਚਾਉਣ ਲਈ ਸਹਿਮਤੀ ਦੇ ਦਿੱਤੀ ਅਤੇ ਦੂਜੀ ਗਲੀ ਦੇ ਲੋਕਾਂ ਨੇ ਪਾਣੀ ਕੱਢਣ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੜਕ ਹੇਠ ਦੱਬੀ ਪੁਲੀ ਕੱਢਣ ਲਈ ਕਿਹਾ ਸੀ, ਪਰ ਲੋਕਾਂ ਨੇ ਕੁਝ ਸੜਕ ਪੁੱਟ ਕੇ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ।
ਕੀ ਕਹਿਣਾ ਹੈ ਸਰਪੰਚ ਦਾ
ਸਰਪੰਚ ਜਗਜੀਤ ਸਿੰਘ ਨੇ ਮੰਨਿਆ ਕਿ ਸੜਕ ਉੱਚੀ ਚੁੱਕਣ ਸਮੇਂ ਪਾਈਪਾਂ ਨਹੀਂ ਦੱਬੀਆਂ ਗਈਆਂ। ਕੁਝ ਲੋਕ ਇਤਰਾਜ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਿਕਾਸੀ ਲਈ ਛੱਪੜ ਵਿੱਚ ਲੱਗੀ ਮੋਟਰ ਦੀਆਂ ਪਾਈਪਾਂ ‘ਚ ਮਿੱਟੀ ਭਰਨ ਕਾਰਨ ਪੂਰੀ ਤਰ੍ਹਾਂ ਨਿਕਾਸੀ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਇਸ ਦੇ ਹੱਲ ਲਈ ਅੱਜ ਦੁਪਹਿਰ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁੱਜਿਆ। ਉਸ ਦੇ ਆਪਣੇ ਘਰ ਵਿੱਚ ਵੀ ਪਾਣੀ ਭਰਿਆ ਹੋਇਆ ਹੈ।