ਪੱਤਰ ਪ੍ਰੇਰਕ
ਮਾਨਸਾ, 4 ਦਸੰਬਰ
ਪਦਮਸ੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਗੰਦਲੇ ਹੋ ਰਹੇ ਵਾਤਾਵਰਣ ਨੂੰ ਰੋਕਣ ਲਈ ਲੋਕਾਂ ਨੂੰ ਵੱਧ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਅਨੇਕਾਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹ ਅੱਜ ਮਾਨਸਾ ਖੁਰਦ ਵਿੱਚ ਸ੍ਰੀ ਚੰਦ ਵਿਰਕਤ ਕੁਟੀਆ ਵਿੱਚ ਸਵਾਮੀ ਨਿਰੰਜਣ ਦਾਸ ਦੀ ਬਰਸੀ ਮੌਕੇ ਸੰਤ ਸਮਾਗਮ ਦੌਰਾਨ ਸੰਬੋਧਨ ਕਰਨ ਆਏ ਸਨ।
ਉਨ੍ਹਾਂ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਦਿਨੋਂ-ਦਿਨ ਵਧਦੀ ਆਬਾਦੀ ਕਾਰਨ ਆਵਾਜਾਈ ਦੇ ਸਾਧਨਾਂ ਵਿੱਚ ਵਾਧਾ ਹੋਇਆ ਹੈ। ਇਥੇ ਅਨੇਕਾਂ ਕਾਰਖਾਨਿਆਂ ਅਤੇ ਵਾਹਨਾਂ ਦਾ ਧੂੰਆਂ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਰਿਹਾ ਹੈ ਅਤੇ ਉਦਯੋਗਾਂ ਦਾ ਨਹਿਰਾਂ ਅਤੇ ਦਰਿਆਵਾਂ ਵਿੱਚ ਡਿੱਗ ਰਿਹਾ ਜ਼ਹਿਰੀਲਾ ਪਾਣੀ ਕਈ ਬਿਮਾਰੀਆਂ ਸਹੇੜ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਘੁੱਟਣ ਭਰੇ ਵਾਤਾਵਰਣ ਵਿੱਚ ਮਨੁੱਖ ਨੂੰ ਸਾਹ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਜ਼ਹਿਰਾਂ ਦੀ ਵਰਤੋਂ ਕਾਰਨ ਸਾਡਾ ਭੋਜਨ ਵੀ ਖਾਣ ਯੋਗ ਨਹੀਂ ਰਿਹਾ ਹੈ, ਜਦੋਂਕਿ ਪਾਣੀ ਸਾਡਾ ਪਹਿਲਾਂ ਹੀ ਪ੍ਰਦੂਸ਼ਤ ਹੋ ਚੁੱਕਿਆ ਹੈ। ਇਸ ਮੌਕੇ ਸੰਤ ਦਵਿੰਦਰ ਸਿੰਘ ਸ਼ਹਾਬਪੁਰ, ਸੰਤ ਸ਼ਾਤਾਂ ਨੰਦ ਬੀਰੋਕੇ, ਮਹੰਤ ਧੁਨੀ ਦਾਸ ਪ੍ਰਧਾਨ ਸ੍ਰੀ ਪੰਚਾਇਤੀ ਅਖਾੜਾ ਨਿਯਾ ਹਰਿਦੁਆਰ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਵਿਧਾਇਕ ਡਾ. ਵਿਜੈ ਸਿੰਗਲਾ, ਸੁਖਦੀਪ ਸਿੰਘ, ਅਕਾਸ਼ਦੀਪ ਸਿੰਘ ਵੀ ਮੌਜੂਦ ਸਨ।