ਮੁਕਤਸਰ ’ਚ ਕਰੋਨਾ ਨੇ ਲਈ ਦੂਜੀ ਜਾਨ

ਪਰਿਵਾਰ ਇਕਾਂਤਵਾਸ; ਅੰਤਿਮ ਸੰਸਕਾਰ ਤੋਂ ਬਾਅਦ ਆਈ ਕਰੋਨਾ ਰਿਪੋਰਟ ਪਾਜ਼ੇਟਿਵ

ਮੁਕਤਸਰ ’ਚ ਕਰੋਨਾ ਨੇ ਲਈ ਦੂਜੀ ਜਾਨ

ਫ਼ਰੀਦਕੋਟ ਵਿੱਚ ਕਰੋਨਾ ਦੇ ਸੈਂਪਲ ਇਕੱਤਰ ਕਰਦੇ ਹੋਏ ਸਿਹਤ ਕਾਮੇ। -ਫੋਟੋ: ਜੱਸ

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 1 ਅਗਸਤ

ਸ਼ਹਿਰ ਦੀ ਖਜ਼ੂਰਾਂ ਵਾਲੀ ਗਲੀ ਦੀ ਇੱਕ 74 ਸਾਲਾ ਔਰਤ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ ਪਰ ਇਸ ਦਾ ਪਤਾ ਔਰਤ ਦੀ ਦੇਹ ਦੇ ਸਸਕਾਰ ਤੋਂ ਬਾਅਦ ਲੱਗਿਆ। ਸਿਹਤ ਵਿਭਾਗ ਵੱਲੋਂ ਹਾਲ ਦੀ ਘੜੀ ਮ੍ਰਿਤਕਾ ਦੇ ਪਰਿਵਾਰ ਨੂੰ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਨਮੂਨੇ ਲਏ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਜੀ ਦਿਲ ਅਤੇ ਹੋਰ ਕਈ ਬਿਮਾਰੀਆਂ ਦੇ ਮਰੀਜ਼ ਸਨ, ਜਿਸ ਕਾਰਨ ਉਨ੍ਹਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਉਨ੍ਹਾਂ ਅੰਤਿਮ ਸੰਸਕਾਰ ਕਰ ਦਿੱਤਾ ਤਾਂ ਉਨ੍ਹਾਂ ਦੇ ਕਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਗਈ। ਇਸ ਦੌਰਾਨ ਅੱਜ ਚਾਰ ਹੋਰ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਵਿੱਚ ਇੱਕ ਮਰੀਜ਼ ਪਿੰਡ ਬਾਦੀਆਂ ਨਾਲ ਸਬੰਧਤ ਪੁਲੀਸ ਕਰਮੀ ਹੈ ਜਦੋਂਕਿ ਤਿੰਨ ਮਰੀਜ਼ ਗਿੱਦੜਬਾਹਾ ਨਾਲ ਸਬੰਧਤ ਹਨ। ਇਸ ਵੇਲੇ ਮੁਕਤਸਰ ਵਿੱਚ 34 ਐਕਟਿਵ ਮਰੀਜ਼ ਹਨ। 

ਬਠਿੰਡਾ (ਮਨੋਜ ਸ਼ਰਮਾ): ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸ਼ਾਮ ਤੱਕ 8 ਵਿਅਕਤੀ ਕਰੋਨਾ ਨੂੰ ਮਾਤ ਦੇਣ ਉਪਰੰਤ ਆਪਣੇ ਘਰ ਪਰਤ ਗਏ ਹਨ। ਬੀਤੇ 24 ਘੰਟਿਆਂ ਦੌਰਾਨ ਜ਼ਿਲ੍ਹੇ ’ਚ ਪ੍ਰਾਪਤ ਰਿਪੋਰਟਾਂ ਮੁਤਾਬਿਕ 28 ਕੇਸ ਨਵੇਂ ਪਾਜ਼ੇਟਿਵ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲ੍ਹੇ ’ਚ ਕੁੱਲ 191 ਕੇਸ ਐਕਟਿਵ ਹਨ।

ਬਰਨਾਲਾ (ਰਵਿੰਦਰ ਰਵੀ): ਕਰੋਨਾ ਦੇ 20 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਕਰੋਨਾ ਦੇ ਕੁੱਲ ਮਰੀਜ਼ਾ ਦੀ ਗਿਣਤੀ 165 ਹੋ ਗਈ ਹੈ ਜਦਕਿ 391 ਮਰੀਜ਼ਾਂ ਦੇ ਲਏ  ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਪਿਛਲੇ ਚਾਰ ਦਿਨਾਂ ‘ਚ ਹੀ 100 ਦੇ ਕਰੀਬ ਕਰੋਨਾ ਦੇ ਮਰੀਜ਼ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ 20 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਤੇ 40 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗਟਿਵ ਆਈ ਹੈ। ਇਨ੍ਹਾਂ ’ਚ 20 ਕੈਦੀਆਂ ਦੀ ਰਿਪੋਰਟ ਨੈਗਟਿਵ ਆਉਣ ਨਾਲ ਜੇਲ੍ਹ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। 

ਟੱਲੇਵਾਲ (ਲਖਵੀਰ ਸਿੰਘ ਚੀਮਾ): ਪਿੰਡ ਚੀਮਾ ਵਿੱਚ ਕਰੋਨਾ ਦੇ ਤਿੰਨ ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਏਐੱਨਐੱਮ ਬਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਮਹਿਲ ਕਲਾਂ ਥਾਣੇ ’ਚ ਡਿਊਟੀ ਕਰਨ ਵਾਲੇ ਪੁਲੀਸ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਕਰੋਨਾ ਸਬੰਧੀ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ ਪੁਲੀਸ ਮੁਲਾਜ਼ਮ ਦੇ ਪਿਤਾ, ਮਾਂ ਅਤੇ ਭਰਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜਦਕਿ ਪਤਨੀ ਤੇ ਭਰਜਾਈ ਦੀ ਰਿਪੋਰਟ ਨੈਗੇਟਿਵ ਆਈ ਹੈ। ਐੱਸਆਈ ਰੂਪ ਸਿੰਘ ਨੇ ਦੱਸਿਆ ਕਿ ਚੀਮਾ ਵਿੱਚ ਅੱਜ ਪਾਜ਼ੇਟਿਵ ਮਿਲੇ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕਰ ਕੇ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਗਹਿਲ ਦੇ 51 ਸਾਲਾ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 

ਕਰੋਨਾ ਨਾਲ ਸਿਰਸਾ ’ਚ ਤੀਜੀ ਮੌਤ

ਸਿਰਸਾ (ਪ੍ਰਭੂ ਦਿਆਲ ਸਿਰਸਾ): ਇੱਥੋਂ ਦੀ ਜੇ ਜੇ ਕਲੋਨੀ ਵਿੱਚ ਇੱਕ ਕਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋਣ ਨਾਲ ਸਿਰਸਾ ‘ਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਜਾਣਕਾਰੀ ਮੁਤਾਬਕ ਸਿਰਸਾ ‘ਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 400 ‘ਤੇ ਪੁੱਜ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਕਿ ਸਿਰਸਾ ਦੀ ਜੇ ਜੇ ਕਲੋਨੀ ਦੇ ਇੱਕ 42 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ‘ਚ ਸਿਰਸਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਿਰਸਾ ਵਿੱਚ ਹੁਣ 150 ਐਕਟਿਵ ਕੇਸ ਹਨ। 

ਜ਼ਿਲ੍ਹਾ ਫਾਜ਼ਿਲਕਾ ਵਿੱਚ 21 ਨਵੇਂ ਕੇਸ

ਫਾਜ਼ਿਲਕਾ/ਜਲਾਲਾਬਾਦ (ਪਰਮਜੀਤ ਸਿੰਘ/ਚੰਦਰ ਪ੍ਰਕਾਸ਼ ਕਾਲੜਾ): ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਕੋਵਿਡ- 19 ਦੇ 21 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚ ਸੀਐੱਚਸੀ ਡੱਬਵਾਲਾ ਕਲਾਂ ਦੇ ਐੱਸਐੱਮਓ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 9 ਫਾਜ਼ਿਲਕਾ, 2 ਅਬੋਹਰ, 6 ਜਲਾਲਾਬਾਦ ਅਤੇ ਬਾਕੀ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਐਕਟਿਵ ਕੇਸ 117 ਹਨ।

ਫ਼ਰੀਦਕੋਟ ’ਚ ਕਰੋਨਾ ਦੇ ਸੱਤ ਹੋਰ ਮਰੀਜ਼

ਫ਼ਰੀਦਕੋਟ (ਜਸਵੰਤ ਜੱਸ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ ਸੱਤ ਹੋਰ ਪਾਜ਼ੇਟਿਵ ਕੇਸਾਂ ਦੀ ਸ਼ਨਾਖਤ ਹੋਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਕਿਹਾ ਕਿ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 297 ਹੋ ਗਈ ਹੈ ਅਤੇ 50 ਕੇਸ ਐਕਟਿਵ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All