Massive Search Operation: ਬੁਰਜ ਕਾਹਨ ਸਿੰਘ ਵਾਲਾ ਵਿੱਚ ਤਲਾਸ਼ੀ ਮੁਹਿੰਮ
ਪੁਲੀਸ ਵੱਲੋਂ ਸ਼ੱਕੀ ਥਾਵਾਂ ਦੀ ਨਾਕਾਬੰਦੀ; ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਅੱਜ ਡੀ ਜੀ ਪੀ (ਸਪੈਸ਼ਲ) ਜਤਿੰਦਰ ਜੈਨ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਨੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ। ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਵਿੱਚ ਡੀ ਜੀ ਪੀ (ਸਪੈਸ਼ਲ) ਜਤਿੰਦਰ ਜੈਨ ਤੋਂ ਇਲਾਵਾ ਆਈ ਜੀ ਹਰਜੀਤ ਸਿੰਘ, ਐੱਸ ਐੱਸ ਪੀ ਸੁਹੇਲ ਕਾਸਿਮ ਮੀਰ, ਡੀ ਐੱਸ ਪੀ ਭੁੱਚੋ ਪ੍ਰਿਤਪਾਲ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਪੁਲੀਸ ਅਧਿਕਾਰੀ ਸ਼ਾਮਲ ਸਨ। ਸਰਚ ਅਪਰੇਸ਼ਨ ਲਈ ਤਾਇਨਾਤ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨੇ ਨਸ਼ਾ ਤਸਕਰੀ ਦੇ ਹੌਟ ਸਪਾਟਸ ਅਤੇ ਸ਼ੱਕੀ ਇਲਾਕਿਆਂ ਦੀ ਨਾਕਾਬੰਦੀ ਕਰ ਕੇ ਘਰ-ਘਰ ਤਲਾਸ਼ੀ ਲਈ। ਖ਼ਬਰ ਲਿਖੇ ਜਾਣ ਤੱਕ ਮੁਹਿੰਮ ਜਾਰੀ ਸੀ। ਸਰਚ ਅਪਰੇਸ਼ਨ ਤੋਂ ਪਹਿਲਾਂ ਡੀ ਜੀ ਪੀ (ਸਪੈਸ਼ਲ) ਸ੍ਰੀ ਜੈਨ ਨੇ ਪੁਲੀਸ ਜਵਾਨਾਂ ਨੂੰ ਮੁਸਤੈਦੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਅਤੇ ਕਾਰਵਾਈ ਦੌਰਾਨ ਆਮ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਨਸ਼ਾ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਨਾ ਅਤੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲੀਸ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਨਥਾਣਾ ਦੇ ਐੱਸ ਐੱਚ ਓ ਜਗਦੀਪ ਸਿੰਘ, ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ, ਤਰਨਦੀਪ ਸਿੰਘ ਐੱਸ ਐੱਚ ਓ ਮੌੜ, ਬੇਅੰਤ ਸਿੰਘ ਐੱਸ ਐੱਚ ਓ ਬਾਲਿਆਂ ਵਾਲੀ ਆਦਿ ਹਾਜ਼ਰ ਸਨ।

