ਐੱਸਬੀਆਈ ਵੱਲੋਂ ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ
ਪੱਤਰ ਪ੍ਰੇਰਕ
ਮਾਨਸਾ, 30 ਜੂਨ
ਸਟੇਟ ਬੈਂਕ ਆਫ਼ ਇੰਡੀਆ ਮਾਨਸਾ ਵੱਲੋਂ ਚੀਫ ਮੈਨੇਜਰ ਦਲੀਪ ਕੁਮਾਰ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਮਾਨਸਾ ਕਲੱਬ ਮਾਨਸਾ ਵਿੱਚ ਲਗਾਇਆ ਗਿਆ। ਇਸ ਕੈਂਪ ਦੇ ਪ੍ਰਾਜੈਕਟ ਚੇਅਰਮੈਨ ਰਿਲੇਸ਼ਨਸ਼ਿਪ ਮੈਨੇਜਰ ਰਾਕੇਸ਼ ਗਰਗ ਨੇ ਦੱਸਿਆ ਕਿ ਇਸ ਵਾਰ ਸਥਾਪਨਾ ਦਿਵਸ ਖੂਨਦਾਨ ਕੈਂਪ ਲਗਾ ਕੇ ਮਨਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਮਾਨਸਾ ਵੱਲੋਂ ਇਸ ਕੈਂਪ ਵਿੱਚ 111 ਯੂਨਿਟ ਖੂਨ ਦਾਨ ਕੀਤਾ ਗਿਆ ਹੈ।
ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਰਣਜੀਤ ਰਾਏ ਨੇ ਬੈਂਕ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਟੇਟ ਬੈਂਕ ਆਫ਼ ਇੰਡੀਆ ਦੇ ਰਿਜ਼ਨਲ ਮੈਨੇਜਰ ਪ੍ਰਮੋਦ ਯਾਦਵ ਨੇ ਬੈਂਕ ਕਰਮਚਾਰੀਆਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਤੇ ਖ਼ੁਦ ਵੀ ਖੂਨਦਾਨ ਕੀਤਾ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਦੀ ਵਧੀਆ ਕਾਰਗੁਜ਼ਾਰੀ ਸਦਕਾ ਹਰ ਲੋੜਵੰਦ ਮਰੀਜ਼ ਨੂੰ ਸਮੇਂ-ਸਿਰ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਕਦੇ ਵੀ ਖੂਨ ਦੀ ਕਿੱਲਤ ਮਹਿਸੂਸ ਨਹੀਂ ਹੋਈ। ਇਸ ਮੌਕੇ ਮੈਨੇਜਰ ਐੱਚ.ਆਰ ਮਹਿੰਦਰ ਪਾਲ ਸਿੰਘ, ਅਸ਼ੋਕ ਕੁਮਾਰ, ਹਰਦੀਪ ਸਿੱਧੂ, ਸੰਜੀਵ ਪਿੰਕਾ, ਬਲਜੀਤ ਕੜਵਲ, ਬਲਜੀਤ ਸ਼ਰਮਾ ਤੇ ਹਰਿੰਦਰ ਮਾਨਸ਼ਾਹੀਆ ਵੀ ਮੌਜੂਦ ਸਨ।
ਜਗਦੀਸ਼ ਗੋਦਾਰਾ ਦੀ ਯਾਦ ’ਚ ਖ਼ੂਨਦਾਨ ਕੈਂਪ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਜੀਵਮ ਫਾਊਂਡੇਸ਼ਨ ਖਿਓਵਾਲੀ ਨੇ ਸਵਰਗੀ ਜਗਦੀਸ਼ ਗੋਦਾਰਾ ਦੀ 5ਵੀਂ ਬਰਸੀ ਮੌਕੇ ਖੂਨਦਾਨ ਕੈਂਪ ਦਾ ਲਾਇਆ। ਇਸ ਕੈਂਪ ਵਿੱਚ ਸ਼ਿਵ ਸ਼ਕਤੀ ਬਲੱਡ ਬੈਂਕ ਅਤੇ ਸਿਵਲ ਹਸਪਤਾਲ ਸਿਰਸਾ ਦੀ ਟੀਮ ਵੱਲੋਂ 72 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੀ ਸਰਪ੍ਰਸਤ ਈਸ਼ਾ ਅਤੇ ਅਭਿਜੀਤ ਨੇ ਕਿਹਾ ਕਿ ਸਾਡੇ ਦਾਦਾ ਜਗਦੀਸ਼ ਗੋਦਾਰਾ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਨਾ ਸਿਰਫ਼ ਸੇਵਾ ਅਤੇ ਦਾਨ ਦੇ ਮੁੱਲਾਂ ਨੂੰ ਅਪਣਾਇਆ ਸਗੋਂ ਉਨ੍ਹਾਂ ਨੂੰ ਜੀਅ ਕੇ ਸਮਾਜ ਨੂੰ ਨਵੀਂ ਦਿਸ਼ਾ ਵੀ ਦਿੱਤੀ। ਉਨ੍ਹਾਂ ਦੀ ਯਾਦ ਵਿੱਚ ਸਥਾਪਤ ਜੀਵਮ ਫਾਊਂਡੇਸ਼ਨ ਸਮਾਜ ਸੇਵਾ, ਸਿਹਤ ਜਾਗਰੂਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਪ੍ਰਚਾਰ ਨੂੰ ਸਮਰਪਿਤ ਹੈ। ਇਹ ਖੂਨਦਾਨ ਕੈਂਪ ਉਨ੍ਹਾਂ ਦੇ ਜੀਵਨ ਦਰਸ਼ਨ ਅਤੇ ਕਦਰਾਂ-ਕੀਮਤਾਂ ਨੂੰ ਸਮਰਪਿਤ ਸੀ। ਇਹ ਨੇਕ ਕੰਮ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।ਇਸ ਮੌਕੇ ਸ਼ਿਵ ਸ਼ਕਤੀ ਬਲੱਡ ਬੈਂਕ ਦੇ ਬਾਨੀ ਡਾ. ਵੇਦ ਪ੍ਰਕਾਸ਼ ਬੈਨੀਵਾਲ ਨੇ ਜੀਵਮ ਫਾਊਂਡੇਸ਼ਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਫਾਊਂਡੇਸ਼ਨ ਦੀ ਚੇਅਰਮੈਨ ਕਿਰਨ ਗੋਦਾਰਾ ਨੇ ਕਿਹਾ ਕਿ ਕੈਂਪ ਵਿੱਚ ਵੀਰੇਂਦਰ ਸ਼ਿਓਰਾਨ ਦੀ 25 ਮੈਂਬਰੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਮਹਾਤਮਾ ਸਤਪਾਲ ਦਾਸ, ਸਾਬਕਾ ਸਰਪੰਚ ਓਮ ਪ੍ਰਕਾਸ਼ ਸ਼ਿਓਰਾਨ, ਤੇਜਾ ਸਿੰਘ, ਅਜੈ ਕੁਮਾਰ, ਸੋਹਨ ਲਾਲ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ। ਇਸ ਮੌਕੇ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ ਰੁੱਖ ਦੇ ਕੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ ਗਿਆ।