Satluj Movie: ਕੇਂਦਰ ਦੇ ਨਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮੈਮੋਰੰਡਮ
ਫਿਲਮ ‘ਸਤਲੁਜ’ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਮੰਗ
ਫਿਲਮ ਸਤਲੁਜ ਦੇ ਹੱਕ ਵਿੱਚ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਿੱਧੂ ਨੇ ਆਪਣੀ ਟੀਮ ਨਾਲ ਕੇਂਦਰ ਸਰਕਾਰ ਦੇ ਨਾਮ ਮੈਮੋਰੰਡਮ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੂੰ ਦਿੱਤਾ। ਸਾਈਂ ਮੀਆਂ ਮੀਰ ਫਾਊਡੇਸ਼ਨ ਅਤੇ ਅਕਾਲੀ ਦਲ (ਵਾਰਿਸ ਪੰਜਾਬ) ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਪਿਛਲੇ ਤਿੰਨ ਚਾਰ ਸਾਲਾਂ ਤੋਂ ਇਸ ਫਿਲਮ ਦੀ ਐੱਨ ਓ ਸੀ ਨੂੰ ਲੈ ਕੇ ਫਿਲਮ ਦੀ ਟੀਮ ਨੂੰ ਖੱਜਲ ਖੁਆਰ ਕੀਤਾ ਜਾਂਦਾ ਰਿਹਾ ਹੈ, ਆਖਰ ਇਨਸਾਫ ਨਾ ਮਿਲਦਾ ਦੇਖ ਕੇ ਫਿਲਮ ਦੀ ਟੀਮ ਨੇ ਇਹ ਫਿਲਮ ਪੰਜਾਬ -95 ਤੋਂ ਬਦਲ ਕੇ ਸਤਲੁਜ ਨਾਮ ਰੱਖ ਕੇ ਜ਼ੀ-5 ਓ ਟੀ ਟੀ ਪਲੇਟਫਾਰਮ ’ਤੇ ਰਿਲੀਜ਼ ਕਰ ਦਿੱਤੀ ਤਾਂ 48 ਘੰਟਿਆਂ ਵਿੱਚ ਹੀ ਸਰਕਾਰ ਵੱਲੋਂ ਇਸ ਫਿਲਮ ’ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਇਹ ਫਿਲਮ ਲੋਕ ਲਹਿਰ ਬਣ ਕੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਦਿਖਾਈ ਜਾਣ ਲੱਗੀ। ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਦੀ ਕਹਾਣੀ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਜਾਣ ਬੁੱਝ ਕੇ ਆਉਣ ਵਾਲੀ ਪੀੜ੍ਹੀ ਨੂੰ ਇਸ ਇਤਿਹਾਸਿਕ ਸੱਚਾਈ ਤੋਂ ਦੂਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇ। ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਲਿਖਤੀ ਰੂਪ ਵਿੱਚ ਮੈਮੋਰੰਡਮ ਆ ਚੁੱਕਾ ਹੈ, ਜੋ ਸਰਕਾਰ ਨੂੰ ਮੁੜ ਵਿਚਾਰ ਲਈ ਭੇਜਿਆ ਜਾਵੇਗਾ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਛੇਤੀ ਹੀ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ। ਇਸ ਮੌਕੇ ਵਰਿੰਦਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਨਵਦੀਪ ਸਿੰਘ ਮੀਤ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਜਸਵੰਤ ਸਿੰਘ, ਗੁਰਮੀਤ ਸਿੰਘ ਨਿਰਪੱਖ ਏਡ ਹਾਜ਼ਰ ਸਨ।

