ਪੱਤਰ ਪ੍ਰੇਰਕ
ਸੰਗਤ ਮੰਡੀ, 1 ਸਤੰਬਰ
ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤਾਂ ਬਹਾਲ ਕਰਨ ਦੀ ਖੁਸ਼ੀ ਵਿੱਚ ਸਰਪੰਚ ਯੂਨੀਅਨ ਬਠਿੰਡਾ ਵੱਲੋਂ ਲੱਡੂ ਵੰਡੇ ਗਏ ਤੇ ਪੰਜਾਬ ਸਰਕਾਰ ਨੂੰ ‘ਯੂ-ਟਰਨ’ ਸਰਕਾਰ ਦਾ ਖ਼ਿਤਾਬ ਦਿੱਤਾ ਅਤੇ ਫੈਸਲੇ ਨੂੰ ਲੋਕਾਂ ਦੀ ਜਿੱਤ ਐਲਾਨਿਆ। ਇਸ ਮੌਕੇ ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਹਰਦੀਪ ਸਿੰਘ ਝੁੰਬਾ, ਮਾਲਵਾ ਜ਼ੋਨ ਦੇ ਮੀਤ ਪ੍ਰਧਾਨ ਮੇਜਰ ਸਿੰਘ ਭਾਗੂ ਅਤੇ ਕਮੇਟੀ ਮੈਂਬਰ ਅਮਨਦੀਪ ਸਿੰਘ ਕੌਰ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਰ ਸੰਵਿਧਾਨਕ ਤਰੀਕੇ ਨਾਲ ਪੰਚਾਇਤਾਂ ਨੂੰ ਭੰਗ ਕਰ ਕੇ ਆਪਣੀ ਤਜਰਬੇ ਦੀ ਘਾਟ ਦਾ ਵਿਖਾਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰ ਕੇ ਆਪਣੇ ਵਾਲੰਟੀਅਰਾਂ ਰਾਹੀਂ ਅਤੇ ਪ੍ਰਬੰਧਕ ਲਾ ਕੇ ਕੰਮ ਕਰਵਾਕੇ ਫੋਕੀ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਫੇਲ੍ਹ ਹੋ ਗਈ। ਇਸ ਮੌਕੇ ਸਰਪੰਚ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਅਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਗਿਆ।