ਖੇਡ ਮੈਦਾਨ ਦੀ ਬੱਤੀ ਬੰਦ ਕਰਨ ’ਤੇ ਸਰਪੰਚ ਅਤੇ ਸਾਥੀਆਂ ਦੀ ਕੁੱਟਮਾਰ

ਖੇਡ ਮੈਦਾਨ ਦੀ ਬੱਤੀ ਬੰਦ ਕਰਨ ’ਤੇ ਸਰਪੰਚ ਅਤੇ ਸਾਥੀਆਂ ਦੀ ਕੁੱਟਮਾਰ

ਜ਼ਖ਼ਮੀ ਸਰਪੰਚ ਰਣਧੀਰ ਸਿੰਘ ਦਾ ਹਾਲ ਪੁੱਛਦੇ ਹੋਏ ਵਿਧਾਇਕ ਕੁਲਵੰਤ ਸਿੰਘ ਪੰਡੋਰੀ।

ਲਖਵੀਰ ਸਿੰਘ ਚੀਮਾ

ਟੱਲਵਾਲ, 26 ਸਤੰਬਰ

ਪਿੰਡ ਦੀਵਾਨਾ ਵਿਚ ਰਾਤ ਸਮੇਂ ਖੇਡ ਮੈਦਾਨ ਦੀ ਲਾਈਟ ਬੰਦ ਕਰਨ ’ਤੇ ਪਿੰਡ ਦੇ ਸਰਪੰਚ ਅਤੇ ਉਸ ਦੇ ਸਾਥੀਆਂ ਦੀ ਕੁਝ ਨੌਜਵਾਨਾਂ ਨੇ ਕੁੱਟਮਾਰ ਕਰ ਦਿੱਤੀ। ਇਸ ਸਬੰਧੀ ਥਾਣਾ ਟੱਲੇਵਾਲ ਦੀ ਪੁਲੀਸ ਨੇ ਚਾਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸਰਪੰਚ ਰਣਧੀਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਲੱਖਾਂ ਦੀ ਲਾਗਤ ਨਾਲ ਪਿੰਡ ਵਾਸੀਆਂ ਦੀ ਸਹੂਲਤ ਲਈ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ, ਜਿਸ ਵਿਚ ਸ਼ਾਮ ਸਮੇਂ ਪਿੰਡ ਵਾਸੀ ਅਤੇ ਔਰਤਾਂ ਸੈਰ ਕਰਨ ਆਊਂਦੀਆਂ ਹਨ। ਰਾਤ 9 ਵਜੇ ਲਾਈਟਾਂ ਬੰਦ ਕਰ ਕੇ ਖੇਡ ਮੈਦਾਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਸ਼ੁੱਕਰਵਾਰ ਰਾਤ ਸਮੇਂ ਜਦੋਂ ਉਨ੍ਹਾਂ ਨੇ ਮੈਦਾਨ ਦੀਆਂ ਲਾਈਟਾਂ ਬੰਦ ਕੀਤੀਆਂ ਤਾਂ ਪਿੰਡ ਦੇ ਕੁਝ ਨੌਜਵਾਨ ਉਨ੍ਹਾਂ ਨਾਲ ਬਹਿਸ ਕਰਨ ਲੱਗੇ। ਇਸੇ ਦੌਰਾਨ ਰਮਨਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਸਰਪੰਚ ਰਣਧੀਰ ਸਿੰਘ ਨੇ ਦੱਸਿਆ ਕਿ ਹਮਲੇ ਦੌਰਾਨ ਉਸ ਦੀ ਅੱਖ ਅਤੇ ਸਿਰ ’ਤੇ ਸੱਟ ਲੱਗੀ ਹੈ। ਜਦਕਿ ਉਸ ਦਾ ਭਰਾ ਸੁਖਪਾਲ ਸਿੰਘ, ਸੁਖਵਿੰਦਰ ਸਿੰਘ ਗੋਰਾ ਅਤੇ ਉਸ ਦਾ ਭਤੀਜਾ ਗੁਰਤੇਜ ਸਿੰਘ, ਜੋ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਪੰਡੋਰੀ ਦਾ ਸੁਰੱਖਿਆ ਗਾਰਡ ਹੈ, ਦੇ ਵੀ ਸੱਟਾਂ ਲੱਗੀਆਂ ਹਨ। ਉਨਾਂ ਨੂੰ ਇਲਾਜ ਲਈ ਤਪਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਰਪੰਚ ਰਣਧੀਰ ਸਿੰਘ ਸਮੇਤ ਜ਼ਖ਼ਮੀਆਂ ਦਾ ਹਾਲ ਪੁੱਛਿਆ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦੇ ’ਤੇ ਹਮਲਾ ਕਰਨਾ ਮੰਦਭਾਗਾ ਹੈ। ਮੁਲਜ਼ਮਾਂ ਵਿਰੁੱਧ ਧਾਰਾ 323, 341, 148, 149 ਆਈਪੀਸੀ ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All