ਅਖਿਲ ਭਾਰਤੀ ਸਫ਼ਾਈ ਮਜ਼ਦੂਰ ਯੂਨੀਅਨ ਨੇ ਪੰਜਾਬ ਪ੍ਰਧਾਨ ਰਮੇਸ਼ ਕੱਟੋ ਦੀ ਪ੍ਰਧਾਨਗੀ ਹੇਠ ਰੋਸ ਮਾਰਚ ਕੀਤਾ, ਜੋ ਨਗਰ ਨਿਗਮ ਦਫ਼ਤਰ ਤੋਂ ਸ਼ੁਰੂ ਹੋ ਕੇ ਵਾਲਮੀਕਿ ਚੌਕ ਤੱਕ ਪੁੱਜਿਆ। ਇੱਥੇ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਰਮੇਸ਼ ਕੱਟੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਮਰਦਮਸ਼ੁਮਾਰੀ ਕਰਵਾਈ ਜਾ ਰਹੀ ਹੈ, ਉਸ ਵਿੱਚ ਫਾਰਮ ਭਰਨ ਸਮੇਂ ਵਾਲਮੀਕਿ ਸਮਾਜ ਨੂੰ ਨੀਵਾਂ ਦਿਖਾਉਣ ਲਈ ਜਾਤੀਸੂਚਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਦਕਿ ਸੁਪਰੀਮ ਕੋਰਟ ਵੱਲੋਂ ਅਜਿਹੀ ਸ਼ਬਦਾਵਲੀ ਦੀ ਪਹਿਲਾਂ ਤੋਂ ਹੀ ਮਨਾਹੀ ਕਰ ਰੱਖੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਫਾਰਮ ਵਿੱਚੋਂ ਇਸ ਜਾਤੀਸੂਚਕ ਸ਼ਬਦਾਵਲੀ ਨੂੰ ਜਲਦੀ ਨਾ ਹਟਾਇਆ ਗਿਆ ਤਾਂ ਪੂਰੇ ਪੰਜਾਬ ਵਿੱਚ ਇਸ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ, ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਨਗਰ ਨਿਗਮਾਂ ਵਿੱਚ ਕੰਮ ਕਰ ਰਹੇ ਕੰਟਰੈਕਟ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਬਰਾਬਰ ਕੰਮ ਕਰਨ ਤੇ ਬਰਾਬਰ ਤਨਖਾਹ ਦਿੱਤੀ ਜਾਵੇ, ਸਫਾਈ ਸੇਵਕਾਂ, ਡਰਾਈਵਰਾਂ ਅਤੇ ਸੀਵਰਮੈਨਾਂ ਤੇ ਲਾਗੂ ਰੋਸਟਰ ਨੂੰ ਖਤਮ ਕੀਤਾ ਜਾਵੇ ਮੁਲਾਜ਼ਮਾਂ ਨੂੰ ਛੇਵਾਂ ਤਨਖਾਹ ਕਮਿਸ਼ਨ ਅਤੇ ਬਣਨ ਦਾ ਡੀ ਏ ਜਾਰੀ ਕੀਤਾ ਜਾਵੇ, ਨਗਰ ਨਿਗਮਾਂ ਵਿੱਚ ਕੰਮ ਰਹੇ ਓਵਰਏਜ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ।
ਇਸ ਰੈਲੀ ਨੂੰ ਸੁਦੇਸ਼ ਗਿੱਲ, ਮਨੋਜ ਭੱਟੀ, ਰੋਸ਼ਨ ਮਲਹੋਤਰਾ, ਰਾਜੇਸ਼ ਕੁਮਾਰ, ਸੰਜੀਤ, ਵਿੱਕੀ ਮਲਿਕ, ਰੋਹਨ ਪ੍ਰਧਾਨ, ਅਮਿਤ ਚੋਪੜਾ, ਰਾਹੁਲ, ਜੋਨੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

