Sanitation Strike: ਹੜਤਾਲ ਖ਼ਤਮ ਹੋਣ ਪਿੱਛੋਂ ਸਫ਼ਾਈ ਕਾਮੇ ਮੁੜ ਕੰਮ ’ਤੇ ਡਟੇ
ਸ਼ਹਿਰ ਵਿੱਚ ਸਫ਼ਾਈ ਸ਼ੁਰੂ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੀ; ਸਮਾਜ ਸੇਵੀਆਂ ਨੇ ਮਠਿਆਈ ਵੰਡੀ
ਪੰਜਾਬ ਸਰਕਾਰ ਨਾਲ ਸਮਝੌਤੇ ਮਗਰੋਂ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ। ਇਸ ਤਹਿਤ ਅੱਜ ਨਗਰ ਕੌਂਸਲ ਮਾਨਸਾ ਦੇ ਸਫ਼ਾਈ ਕਾਮਿਆਂ ਨੇ ਜੇਤੂ ਰੈਲੀ ਕਰਦਿਆਂ ਸ਼ਹਿਰ ਵਿੱਚ ਸਫ਼ਾਈ ਕਾਰਜ ਆਰੰਭ ਕਰ ਦਿੱਤੇ। ਕੰਮ ਸ਼ੁਰੂ ਹੋਣ ਮੌਕੇ ਸਮਾਜ ਸੇਵੀਆਂ ਨੇ ਕਈ ਥਾਵਾਂ ਉੱਤੇ ਸਫ਼ਾਈ ਕਾਮਿਆਂ ਦਾ ਮੂੰਹ ਮਿੱਠਾ ਕਰਵਾਇਆ।
ਜ਼ਿਕਰਯੋਗ ਹੈ ਕਿ ਹੜਤਾਲ ਕਾਰਨ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਗੰਦਗੀ ਦੇ ਵੱਡੇ ਢੇਰ ਲੱਗ ਗਏ ਸਨ। ਮੀਂਹ ਦੇ ਮੌਸਮ ਕਾਰਨ ਬਿਮਾਰੀਆਂ ਫੈਲਣ ਦਾ ਡਰ ਸੀ, ਪਰ ਹੁਣ ਸਫ਼ਾਈ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਤੋਂ ਪਹਿਲਾਂ ਨਗਰ ਕੌਂਸਲ ਦਫ਼ਤਰ ਅੱਗੇ ਸੂਬਾ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਰੱਤੀ ਦੀ ਅਗਵਾਈ ਹੇਠ ਜੇਤੂ ਰੈਲੀ ਹੋਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਉਹ ਮੁੜ ਸੰਘਰਸ਼ ਵਿੱਢਣਗੇ।
ਤਪਾ ਮੰਡੀ (ਸੀ ਮਾਰਕੰਡਾ): ਪਿਛਲੇ 26-27 ਦਿਨਾਂ ਤੋਂ ਹੜਤਾਲ ਉੱਤੇ ਚੱਲ ਰਹੇ ਸਫ਼ਾਈ ਸੇਵਕਾਂ ਨੇ ਸਰਕਾਰ ਨਾਲ ਸਹਿਮਤੀ ਬਣਨ ਮਗਰੋਂ ਹੜਤਾਲ ਖ਼ਤਮ ਕਰ ਦਿੱਤੀ ਹੈ। ਅੱਜ ਸਵੇਰੇ ਕਾਮੇ ਕੰਮ ਉੱਤੇ ਪਰਤ ਆਏ ਅਤੇ ਸ਼ਹਿਰ ਦੀ ਸਫ਼ਾਈ ਜੰਗੀ ਪੱਧਰ ਉੱਤੇ ਸ਼ੁਰੂ ਕਰ ਦਿੱਤੀ। ਹੜਤਾਲ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਸਨ ਅਤੇ ਬੀਤੀ ਰਾਤ ਦੀ ਭਾਰੀ ਬਾਰਿਸ਼ ਕਾਰਨ ਗੰਦਗੀ ਸੜਕਾਂ ਉੱਤੇ ਫੈਲ ਗਈ ਸੀ। ਸਫ਼ਾਈ ਸੇਵਕਾਂ ਨੇ ਮੌਕੇ ਉੱਤੇ ਪਹੁੰਚ ਕੇ ਕੂੜਾ ਚੁੱਕਣ ਦੇ ਨਾਲ-ਨਾਲ ਬੰਦ ਪਏ ਸੀਵਰੇਜ ਅਤੇ ਨਾਲੀਆਂ ਦੀ ਸਫ਼ਾਈ ਦਾ ਕੰਮ ਵੀ ਆਰੰਭ ਦਿੱਤਾ ਹੈ।
ਨਿਗਮ ਦਫ਼ਤਰ ਵਿੱਚ ਜੇਤੂ ਰੈਲੀ
ਬਰਨਾਲਾ (ਪਰਸ਼ੋਤਮ ਬੱਲੀ): ਨਗਰ ਨਿਗਮ ਬਰਨਾਲਾ ਦੇ ਦਫ਼ਤਰ ਵਿੱਚ ਮਿਊਂਸੀਪਲ ਕਾਮਿਆਂ ਨੇ 27 ਦਿਨਾਂ ਤੋਂ ਜਾਰੀ ਹੜਤਾਲ ਸਰਕਾਰ ਨਾਲ ਸਮਝੌਤੇ ਮਗਰੋਂ ਜੇਤੂ ਰੈਲੀ ਕਰਕੇ ਸਮਾਪਤ ਕਰ ਦਿੱਤੀ। ਰੈਲੀ ਵਿੱਚ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਾਫ਼ਲੇ ਸ਼ਾਮਲ ਹੋਏ। ਬੁਲਾਰਿਆਂ ਨਰਾਇਣ ਦੱਤ, ਡਾ. ਰਜਿੰਦਰ ਪਾਲ ਅਤੇ ਬਾਬੂ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਇਹ ਹੜਤਾਲ 8 ਜੁਲਾਈ ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ਕਾਮਿਆਂ ਦੇ ਸਿਰੜ ਅਤੇ ਜਥੇਬੰਦੀਆਂ ਦੇ ਸਹਿਯੋਗ ਨੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਹੈ। ਗੁਲਸ਼ਨ ਕੁਮਾਰ ਨੇ ਹਮਾਇਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਆਗੂਆਂ ਨੇ ਕਾਮਿਆਂ ਨੂੰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਦੇ ਯਾਦਗਾਰੀ ਸਮਾਗਮ ਲਈ ਮਹਿਲ ਕਲਾਂ ਪੁੱਜਣ ਦੀ ਅਪੀਲ ਕੀਤੀ।

