ਸੇਲ ਟੈਕਸ ਇੰਸਪੈਕਟਰ 40 ਹਜ਼ਾਰ ਦੀ ਵੱਢੀ ਲੈਂਦਾ ਫੜਿਆ

ਸੇਲ ਟੈਕਸ ਇੰਸਪੈਕਟਰ 40 ਹਜ਼ਾਰ ਦੀ ਵੱਢੀ ਲੈਂਦਾ ਫੜਿਆ

ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜਨਵਰੀ

ਵਿਜੀਲੈਂਸ ਬਿਊਰੋ ਨੇ 40 ਹਜ਼ਾਰ ਦੀ ਵੱਢੀ ਲੈਂਦਾ ਸੇਲ ਟੈਕਸ ਵਿਭਾਗ ਉਡਣ ਦਸਤੇ ਦੇ ਇੰਸਪੈਕਟਰ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਨੇ ਉਡਣ ਦਸਤੇ ਦੇ ਈਟੀਓ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ।

ਡੀਆਈਜੀ ਵਿਜੀਲੈਂਸ ਸੁਰਜੀਤ ਸਿੰਘ ਅਤੇ ਵਿਜੀਲੈਂਸ ਦੀ ਨਵੀਂ ਬਣੀ ਰੇਂਜ, ਫ਼ਰੀਦਕੋਟ ਦੇ ਐੱਸਐਸਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਦੀਪਕ ਗੋਇਲ ਨੇ ਡੀਐੱਸਪੀ ਵਿਜੀਲੈਂਸ ਕੇਵਲ ਕ੍ਰਿਸ਼ਨ ਕੋਲ ਬਿਆਨ ਦਰਜ ਕਰਵਾਇਆ ਕਿ ਉਸ ਦੇ ਪਿਤਾ ਅਸ਼ੋਕ ਕੁਮਾਰ ਦੀ ਫ਼ਰੀਦਕੋਟ ’ਚ ਫਰੀਦ ਇੰਟਰਪ੍ਰਾਈਜ਼ਿਜ਼ ਨਾਂ ਉੱਤੇ ਖਿਡੌਣੇ ਬਨਾਉਣ ਦੀ ਫਰਮ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ 6 ਜਨਵਰੀ ਲੁਧਿਆਣਾ ਤੋਂ ਪਲਾਸਟਿਕ ਦਾਣਾ ਖਰੀਦ ਕੇ ਕੈਂਟਰ ਰਾਹੀਂ ਲੁਧਿਆਣਾ ਤੋਂ ਫਰੀਦਕੋਟ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਸੇਲ ਟੈਕਸ ਵਿਭਾਗ ਉਡਣ ਦਸਤਾ ਮੋਬਾਈਲ ਵਿੰਗ, ਫਾਜ਼ਿਲਕਾ ਈਟੀਓ ਰਾਜੀਵ ਪੁਰੀ ਨੇ ਕੈਂਟਰ ਰੋਕ ਕੇ ਚੈੱਕ ਕੀਤਾ। ਉਨ੍ਹਾਂ ਕੋਲ ਪਲਾਸਟਿਕ ਦਾਣੇ ਦਾ ਬਿੱਲ ਨਾ ਹੋਣ ਕਰਕੇ ਬਾਘਾਪੁਰਾਣਾ ’ਚ ਚਲਾਨ ਕੱਟ ਕੇ ਕੈਂਟਰ ਨੂੰ ਥਾਣਾ ਬਾਘਾਪੁਰਾਣਾ ਬੰਦ ਕਰਵਾ ਦਿੱਤਾ।

ਉਨ੍ਹਾਂ ਮੁਲਜ਼ਮ ਰਾਜੀਵ ਪੁਰੀ ਈਟੀਓ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ 8 ਜਨਵਰੀ ਨੂੰ ਅਬੋਹਰ ਆਉਣ ਲਈ ਆਖਿਆ ਗਿਆ। ਇਸ ਮਗਰੋਂ ਸ਼ਿਕਾਇਤਕਰਤਾ ਨੂੰ ਬਿੱਟੂ ਦੇ ਢਾਬੇ, ਗਿੱਦੜਬਾਹਾ ’ਚ ਵਿਭਾਗ ਦੇ ਉਡਣ ਦਸਤਾ ਇੰਸਪੈਕਟਰ ਵਿਕਾਸ ਕੁਮਾਰ ਨੂੰ ਮਿਲਣ ਲਈ ਕਿਹਾ। ਵਿਜੀਲੈਂਸ ਮੁਤਾਬਕ ਮੁਲਜ਼ਮ ਇੰਸਪੈਕਟਰ ਨੇ ਫੜੇ ਗਏ ਮਾਲ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਰੀਬ 4.50 ਲੱਖ ’ਤੇ 118 ਫ਼ੀਸਦੀ ਜੁਰਮਾਨਾ ਪਾਉਣ ਦਾ ਗੱਲ ਆਖੀ। ਜੁਰਮਾਨਾ ਰਾਸ਼ੀ ਘੱਟ ਕਰਨ ਬਦਲੇ 80 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਅ ਸੌਦਾ 40 ਹਜ਼ਾਰ ਰੁਪਏ ਵਿੱਚ ਤੈਅ ਹੋਇਆ। ਮੁਲਜ਼ਮ ਇੰਸਪੈਕਟਰ ਵਿਕਾਸ ਕੁਮਾਰ ਨੂੰ ਮਲੋਟ ਤੋਂ ਵੱਢੀ ਦੀ ਰਕਮ 40 ਹਜ਼ਾਰ ਰੁਪਏ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਬਰਾਮਦ ਕਰਕੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਈਟੀਓ ਰਾਜੀਵ ਪੁਰੀ ਨੂੰ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਉਰੋ ਫ਼ਿਰੋਜ਼ਪੁਰ ’ਚ ਕੇਸ ਦਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All