SAD Targets Dharamkot MLA: ਨਸ਼ਿਆਂ ਦੇ ਮੁੱਦੇ ’ਤੇ ਅਕਾਲੀ ਦਲ ਨੇ ਢੋਸ ’ਤੇ ਨਿਸ਼ਾਨਾ ਸੇਧਿਆ
ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਇੰਸਪੈਕਟਰ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਲਾਏ
ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਨਸ਼ਿਆਂ ਦੇ ਮੁੱਦੇ ’ਤੇ ਧਰਮਕੋਟ ਦੇ ‘ਆਪ’ ਵਿਧਾਇਕ ਦੀ ਘੇਰਾਬੰਦੀ ਕੀਤੀ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਅਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਉੱਤੇ ਧਰਮਕੋਟ ਅੰਦਰ ਨਸ਼ਿਆਂ ਦੇ ਚੱਲ ਰਹੇ ਧੰਦੇ ਦੀ ਪੁਸ਼ਤਪਨਾਹੀ ਕਰਨ ਦੇ ਸਿੱਧੇ ਦੋਸ਼ ਲਾਏ ਅਤੇ ਕਿਹਾ ਕਿ ਪੁਲੀਸ ਅਤੇ ਸਿਆਸੀ ਗੱਠਜੋੜ ਨਾਲ ਨਸ਼ਿਆਂ ਦਾ ਕਾਰੋਬਾਰ ਆਪਣੀ ਚਰਮ ਸੀਮਾ ਪਾਰ ਕਰ ਗਿਆ ਹੈ। ਅਕਾਲੀ ਆਗੂ ਸ੍ਰੀ ਬਰਾੜ ਨੇ ਕਿਹਾ ਕਿ ਦੋ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ ਕੋਟ ਈਸੇ ਖਾਂ ਦੀ ਮੁਖੀ ਵਿਰੁੱਧ ਰਿਸ਼ਵਤ ਲੈਣ ਸਬੰਧੀ ਕੀਤੀ ਕਾਰਵਾਈ ਇਸਦੀ ਪੁਸ਼ਟੀ ਕਰਨ ਲਈ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਗਠਨ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਦੌਰਾਨ ਲਾਡੀ ਢੋਸ ਨੇ ਹਲਕੇ ਵਿੱਚੋਂ ਨਸ਼ੇ ਖਤਮ ਕਰਨ ਦੀ ਜਨਤਕ ਸਹੁੰ ਚੁੱਕੀ ਸੀ ਪਰ ਬਾਅਦ ਵਿੱਚ ਇਸ ਦੇ ਸਿਪਾਹਸਲਾਰ ਖੁਦ ਨਸ਼ਾ ਕਾਰੋਬਾਰੀਆਂ ਨਾਲ ਰਲਗੱਡ ਹੋ ਗਏ। ਅਕਾਲੀ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਤਸਵੀਰਾਂ ਅਤੇ ਸਬੂਤਾਂ ਸਮੇਤ ਵਿਧਾਇਕ ਦੀ ਘੇਰਾਬੰਦੀ ਕਰਦਿਆਂ ਕਿਹਾ ਕਿ ਅੱਜ ਸੱਚ ਸਭ ਦੇ ਸਾਹਮਣੇ ਆ ਚੁੱਕਾ ਹੈ। ਮੱਖਣ ਬਰਾੜ ਨੇ ਦੱਸਿਆ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਹਲਕੇ ਅੰਦਰ ਨਸ਼ਿਆਂ ਦੀ ਗੰਭੀਰ ਬਣੀ ਸਮੱਸਿਆ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲ ਕੇ ਜਾਣੂ ਕਰਵਾਇਆ ਸੀ। ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਨੇ ਕਿਹਾ ਕਿ ਪੁਲੀਸ ਅਤੇ ਸਿਆਸੀ ਗੱਠਜੋੜ ਨਾਲ ਹੀ ਹਲਕੇ ਅੰਦਰ ਨਸ਼ੇ ਦੀ ਵਿਕਰੀ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਮਹਿਲਾ ਇੰਸਪੈਕਟਰ ਨੂੰ ਕਾਬੂ ਕਰਵਾਉਣ ਵਾਲੇ ਪਿੰਡ ਨੂਰਪੁਰ ਹਕੀਮਾਂ ਦੇ ਰਾਜਵਿੰਦਰ ਸਿੰਘ ਨੂੰ ਕਰੋੜਾਂ ਰੁਪਏ ਦੀ ਆਫਰ ਕੇਸ ਵਾਪਸ ਲੈਣ ਦੇ ਇਵਜ ਵਜੋਂ ਦੇਣ ਲਈ ਕਿਹਾ ਜਾ ਰਿਹਾ ਹੈ ਅਤੇ ਨਾਲ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲਾਂ ’ਚ ਨਸ਼ੇ ਦੀਆਂ ਗੋਲੀਆਂ ਦੀ ਵੰਡ ਹੋ ਰਹੀ ਹੈ।

