Sewerage ਲਈ ਪੁੱਟੀਆਂ ਸੜਕਾਂ ਧਸੀਆਂ, ਵਾਹਨ ਪਲਟੇ
ਇੱਥੇ ਮੌਸਮ ਦਾ ਪਹਿਲਾ ਮੀਂਹ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ ਲੈ ਕੇ ਆਇਆ। ਸ਼ਹਿਰ ਵਿੱਚ ਦਸੰਬਰ 2025 ਤੋਂ ਮੁੱਖ ਸੜਕਾਂ ਜਿਵੇਂ ਕੋਟਕਪੂਰਾ ਰੋਡ, ਮਲੋਟ ਰੋਡ ਅਤੇ ਮੌੜ ਰੋਡ ਸਮੇਤ ਸ਼ਹਿਰ ਅੰਦਰ ਸੀਵਰੇਜ ਦੀਆਂ ਓਵਰਫਲੋਅ ਅਤੇ ਵਾਟਰ ਸਪਲਾਈ ਪਾਈਪਾਂ ਪਾਉਣ ਦਾ...
ਇੱਥੇ ਮੌਸਮ ਦਾ ਪਹਿਲਾ ਮੀਂਹ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ ਲੈ ਕੇ ਆਇਆ। ਸ਼ਹਿਰ ਵਿੱਚ ਦਸੰਬਰ 2025 ਤੋਂ ਮੁੱਖ ਸੜਕਾਂ ਜਿਵੇਂ ਕੋਟਕਪੂਰਾ ਰੋਡ, ਮਲੋਟ ਰੋਡ ਅਤੇ ਮੌੜ ਰੋਡ ਸਮੇਤ ਸ਼ਹਿਰ ਅੰਦਰ ਸੀਵਰੇਜ ਦੀਆਂ ਓਵਰਫਲੋਅ ਅਤੇ ਵਾਟਰ ਸਪਲਾਈ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਮੀਂਹ ਦੇ ਪਾਣੀ ਕਾਰਨ ਪਾਈਪਾਂ ਲਈ ਪੁੱਟੀਆਂ ਖਾਈਆਂ ਵਿੱਚ ਅੱਜ ਅੱਧੀ ਦਰਜਨ ਵਾਹਨ ਧਸ ਕੇ ਪਲਟ ਗਏ।
ਵਾਹਨ ਚਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਰਾਹਗੀਰਾਂ ਲਈ ਵੀ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਇਹ ਹਾਦਸੇ ਇਸ ਕਾਰਨ ਹੋਏ ਕਿਉਂਕਿ ਪਾਈਪਾਂ ਪਾਉਣ ਮਗਰੋਂ ਮਿੱਟੀ ਦੀ ਸਹੀ ਢੰਗ ਨਾਲ ਕੁਟਾਈ ਨਹੀਂ ਕੀਤੀ ਗਈ ਸੀ। ਬਾਰਿਸ਼ ਪੈਣ ਕਾਰਨ ਪੋਲੀ ਮਿੱਟੀ ਵਿੱਚ ਵਾਹਨ ਧਸ ਗਏ। ਮਲੋਟ ਚੌਕ ਵਿੱਚ ਗੁਜਰਾਤ ਅਤੇ ਰਾਜਸਥਾਨ ਤੋਂ ਆਏ ਦਸ ਪਹੀਆ ਟਾਈਲਾਂ ਭਰੇ ਟਰੱਕ ਧਸ ਗਏ। ਕੋਟਕਪੂਰਾ ਬਾਈਪਾਸ ਉੱਤੇ ਬਜਰੀ ਦਾ ਭਰਿਆ ਇੱਕ ਟਰੱਕ ਪਲਟ ਗਿਆ, ਜਿਸ ਦੇ ਮਾਲਕ ਨੇ ਇੱਕ ਲੱਖ ਰੁਪਏ ਦੇ ਨੁਕਸਾਨ ਦਾ ਦਾਅਵਾ ਕੀਤਾ ਹੈ। ਹੋਰ ਟਰੱਕਾਂ ਦਾ ਵੀ ਨੁਕਸਾਨ ਹੋਇਆ ਹੈ। ਪੀੜਤ ਵਾਹਨ ਮਾਲਕਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਲੋਕਾਂ ਨੇ ਦੱਸਿਆ ਕਿ ਸੜਕਾਂ ਉੱਤੇ ਲੰਬੇ ਜਾਮ ਲੱਗ ਰਹੇ ਹਨ ਅਤੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਪੁਲੀਸ ਕਰਮਚਾਰੀ ਵੀ ਦਿਖਾਈ ਨਹੀਂ ਦੇ ਰਹੇ। ਨੌਂ ਮਹੀਨੇ ਪਹਿਲਾਂ ਪੁੱਟੀਆਂ ਸੜਕਾਂ ਦੀ ਨਾ ਤਾਂ ਕੁਟਾਈ ਕੀਤੀ ਗਈ ਅਤੇ ਨਾ ਹੀ ਆਰਜ਼ੀ ਫਰਸ਼ ਲਾਇਆ ਗਿਆ। ਇਸ ਕਾਰਨ ਬਾਰਿਸ਼ ਮਗਰੋਂ ਸੜਕਾਂ ਉੱਤੇ ਡੂੰਘੇ ਟੋਏ ਬਣ ਗਏ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪੁੱਟੀਆਂ ਸੜਕਾਂ ਅਤੇ ਗਲੀਆਂ ਦੀ ਨਾਲੋ-ਨਾਲ ਮੁਰੰਮਤ ਕੀਤੀ ਜਾਵੇ ਤਾਂ ਜੋ ਜਾਨ-ਮਾਲ ਦਾ ਬਚਾਅ ਹੋ ਸਕੇ।
ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕੇਵਲ ਗਰਗ ਨੇ ਦੱਸਿਆ ਕਿ ਸੀਵਰੇਜ ਅਤੇ ਵਾਟਰ ਸਪਲਾਈ ਪਾਈਪਾਂ ਪਾਉਣ ਲਈ ਪੁੱਟੀਆਂ ਸੜਕਾਂ ਉੱਤੇ ਇੰਟਰਲਾਕ ਟਾਈਲਾਂ ਲਾ ਕੇ ਆਰਜ਼ੀ ਪ੍ਰਬੰਧ ਕੀਤਾ ਜਾ ਰਿਹਾ ਸੀ। ਮੀਂਹ ਕਾਰਨ ਇਹ ਕੰਮ ਪੂਰਾ ਨਹੀਂ ਹੋ ਸਕਿਆ ਅਤੇ ਵਾਹਨ ਧਸ ਗਏ। ਉਨ੍ਹਾਂ ਭਰੋਸਾ ਦਿੱਤਾ ਕਿ ਬਾਰਿਸ਼ ਰੁਕਣ ਮਗਰੋਂ ਜਲਦੀ ਹੀ ਮਸਲਾ ਹੱਲ ਕਰ ਦਿੱਤਾ ਜਾਵੇਗਾ।

