Road Accidents: ਸੜਕ ਹਾਦਸਿਆਂ ’ਚ ਤਿੰਨ ਹਲਾਕ
ਢਿੱਲਵਾਂ ਰੋਡ ’ਤੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਪੱਖੋ ਕੈਂਚੀਆਂ ਤੋਂ ਤਪਾ ਵੱਲ ਆ ਰਹੀ ਸੀ ਜਦੋਂਕਿ ਮੋਟਰਸਾਈਕਲ ਸਵਾਰ ਟਰਾਈਡੈਂਟ ਵਿੱਚ ਕੰਮ ਕਰ ਕੇ ਆਪਣੇ ਪਿੰਡ ਢਿੱਲਵਾਂ ਨੂੰ ਜਾ ਰਿਹਾ...
ਢਿੱਲਵਾਂ ਰੋਡ ’ਤੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਪੱਖੋ ਕੈਂਚੀਆਂ ਤੋਂ ਤਪਾ ਵੱਲ ਆ ਰਹੀ ਸੀ ਜਦੋਂਕਿ ਮੋਟਰਸਾਈਕਲ ਸਵਾਰ ਟਰਾਈਡੈਂਟ ਵਿੱਚ ਕੰਮ ਕਰ ਕੇ ਆਪਣੇ ਪਿੰਡ ਢਿੱਲਵਾਂ ਨੂੰ ਜਾ ਰਿਹਾ ਸੀ। ਅਚਾਨਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਹਿਜਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਢਿੱਲਵਾਂ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਆਪਣੀ ਗੱਡੀ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਚੌਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਲਾਸ਼ ਨੂੰ ਬਰਨਾਲਾ ਦੇ ਮੁਰਦਾਘਰ ’ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ੀਰਾ (ਪੱਤਰ ਪ੍ਰੇਰਕ): ਇੱਥੋਂ ਦੇ ਅੰਮ੍ਰਿਤਸਰ-ਬਠਿੰਡਾ ਹਾਈਵੇਅ ’ਤੇ ਪਿੰਡ ਬਸਤੀ ਟਿੱਬੇ ਵਾਲੀ ਨਜ਼ਦੀਕ ਬੱਸ ਅਤੇ ਐਕਟਿਵਾ ਦੀ ਟੱਕਰ ਕਾਰਨ ਐਕਟਿਵਾ ਸਵਾਰ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਵਾਸੀ ਪਿੰਡ ਮਹੀਆਂ ਵਾਲਾ ਖੁਰਦ ਜ਼ੀਰਾ ਦੇ ਸਰਕਾਰੀ ਸਕੂਲ ਵਿੱਚ ਬੱਸ ਡਰਾਈਵਰ ਸੀ। ਉਹ ਕਿਸੇ ਕੰਮ ਲਈ ਮਖੂ ਰੋਡ ਤੋਂ ਕਚਹਿਰੀਆਂ ਜਾ ਰਿਹਾ ਸੀ। ਪਿੰਡ ਬਸਤੀ ਟਿੱਬੇ ਵਾਲੀ ਦੇ ਨਜ਼ਦੀਕ ਮੱਖੂ ਵੱਲ ਤੋਂ ਆ ਰਹੀ ਬੱਸ ਨੇ ਉਸ ਨੂੰ ਲਪੇਟ ’ਚ ਲੈ ਲਿਆ। ਮੌਕੇ ’ਤੇ ਮੌਜੂਦ ਰਾਹਗੀਰਾਂ ਅਨੁਸਾਰ ਬੱਸ ਚਾਲਕ ਐਕਟਿਵਾ ਸਵਾਰ ਨੂੰ ਦੂਰ ਤੱਕ ਘੜੀਸ ਕੇ ਲੈ ਗਿਆ। ਇਸ ਮਗਰੋਂ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਐੱਸ ਐੱਚ ਓ ਜਸਵਿੰਦਰ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਬੱਸ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ, ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਡੱਬਵਾਲੀ (ਪੱਤਰ ਪ੍ਰੇਰਕ): ਪਿੰਡ ਸਾਂਵਤਖੇੜਾ ਨੇੜੇ ਸ਼ਾਹਰਾਹ ’ਤੇ ਪਿਕਅੱਪ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਕਿਸਾਨ ਸੰਦੀਪ ਕੁਮਾਰ ਦੀ ਮੌਤ ਹੋ ਗਈ। ਗੰਭੀਰ ਹਾਲਤ ਵਿੱਚ ਉਸ ਨੂੰ ਏਮਜ਼ ਬਠਿੰਡਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਸਿਟੀ ਪੁਲੀਸ ਨੇ ਮ੍ਰਿਤਕ ਦੇ ਚਚੇਰੇ ਭਰਾ ਪ੍ਰੇਮ ਕੁਮਾਰ ਦੇ ਬਿਆਨ ’ਤੇ ਪਿਕਅੱਪ ਚਾਲਕ ਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਕਾਰ ਦੀ ਟੱਕਰ ਕਾਰਨ ਮੌਤ
ਧਰਮਕੋਟ (ਪੱਤਰ ਪ੍ਰੇਰਕ): ਮੋਗਾ-ਅੰਮ੍ਰਿਤਸਰ ਮਾਰਗ ’ਤੇ ਪਿੰਡ ਬਘੇਲੇਵਾਲਾ ਕੋਲ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਉਸ ਦੀ ਸ਼ਨਾਖ਼ਤ ਗੁਰਮੀਤ ਸਿੰਘ ਵਾਸੀ ਪਿੰਡ ਸ਼ਾਹ ਬੋਕਰ ਵਜੋਂ ਹੋਈ ਹੈ। ਗੁਰਮੀਤ ਸਿੰਘ ਸਕੂਲ ਵੈਨ ਚਲਾਉਂਦਾ ਸੀ। ਉਹ ਨੇੜਲੇ ਪਿੰਡ ਖੜ੍ਹੀ ਵੈਨ ਲੈਣ ਜਾ ਰਿਹਾ ਸੀ। ਮੱਖੂ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਇੱਕ ਕਾਰ ਨੂੰ ਸਾਹਮਣੇ ਤੋਂ ਟੱਕਰ ਮਾਰੀ ਬਾਅਦ ਵਿੱਚ ਮੋਟਰਸਾਈਕਲ ਸਵਾਰ ਨੂੰ ਲਪੇਟ ’ਚ ਲੈ ਲਿਆ। ਹਾਦਸੇ ਕਾਰਨ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮ੍ਰਿਤਕ ਦਾ ਭਰਾ ਗੁਰਭੇਜ ਸਿੰਘ ਜਦੋਂ ਘਟਨਾ ਸਥਾਨ ਵੱਲ ਜਾ ਰਿਹਾ ਸੀ ਤਾਂ ਉਸ ਦੀ ਕਾਰ ਵੀ ਅੱਡਾ ਸ਼ਾਹ ਬੋਕਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਚੌਕੀ ਬਘੇਲੇਵਾਲਾ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
