ਸੜਕ ਹਾਦਸਿਆਂ ਨੇ ਤਿੰਨ ਘਰਾਂ ਵਿੱਚ ਸੱਥਰ ਵਿਛਾਏ

ਸੜਕ ਹਾਦਸਿਆਂ ਨੇ ਤਿੰਨ ਘਰਾਂ ਵਿੱਚ ਸੱਥਰ ਵਿਛਾਏ

ਮੁਕਤਸਰ ਵਿੱਚ ਹੋਏ ਹਾਦਸੇ ’ਚ ਨੁਕਸਾਨੀ ਕਾਰ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਜੂਨ

ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫਤਰ ਲਾਗੇ ਮੁਕਤੇ-ਏ-ਮੀਨਾਰ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਦਾ ਦਰਬਾਰਾ ਸਿੰਘ ਬੀਤੀ ਰਾਤ ਕਰੀਬ 9.30 ਵਜੇ ਉਹ ਟਰੈਕਟਰ-ਟਰਾਲੀ ਲੈ ਕੇ ਮੁਕਤਸਰ ਤੋਂ ਕੋਟਕਪੂਰਾ ਵੱਲ ਜਾ ਰਿਹਾ ਸੀ। ਟਰੈਕਟਰ ਦੇ ਮਡਗਾਰਡ ‘ਤੇ ਉਸ ਦੇ ਚਾਚੇ ਦਾ ਪੁੱਤਰ ਜਸਪਾਲ ਸਿੰਘ (33) ਬੈਠਾ ਹੋਇਆ ਸੀ ਜਦੋਂ ਟਰੈਕਟਰ ਮੀਨਾਰ-ਏ-ਮੁਕਤਾ ਕੋਲ ਪੁੱਜਿਆ ਤਾਂ ਉਸ ਵਿੱਚ ਸਾਹਮਣੇ ਤੋਂ ਆ ਰਹੀ ਇਕ ਮਰੂਤੀ ਕਾਰ (ਡੀ ਐਲ 4 ਟੀ ਐਚ 7667) ਨੇ ਟੱਕਰ ਮਾਰੀ। ਟੱਕਰ ਕਾਰਨ ਮਡਗਾਰਡ ‘ਤੇ ਬੈਠਾ ਜਸਪਾਲ ਸਿੰਘ ਸੜਕ ਉਪਰ ਡਿੱਗ ਪਿਆ ਅਤੇ ਟਰੈਕਟਰ ਪਿੱਛੇ ਪਾਏ ਟਰਾਲੇ ਦੇ ਥੱਲੇ ਆ ਕੇ ਮੌਕੇ ‘ਤੇ ਹੀ ਦਮ ਤੋੜ ਗਿਆ। ਟੱਕਰ ਕਾਰਨ ਕਾਰ ਚਾਲਕ ਤਰਸੇਮ ਸਿੰਘ ਵਾਸੀ ਵਣਵਾਲਾ ਦੀਆਂ ਲੱਤਾਂ ਵੀ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਜਿਹੜਾ ਜ਼ੇਰੇ ਇਲਾਜ ਹੈ। ਸਦਰ ਪੁਲੀਸ ਨੇ ਟਰੈਕਟਰ ਡਰਾਈਵਰ ਦੇ ਬਿਆਨਾਂ ‘ਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਥਾਣਾ ਸਦਰ ਅਧੀਨ ਪਿੰਡ ਦੌਲਤਪੁਰਾ ਕੋਲ ਲੰਘੀ ਰਾਤ ਮੋਟਰਸਾਈਕਲਾਂ ਦੀ ਟੱਕਰ ’ਚ ਰਾਜ ਮਿਸਤਰੀ ਦੀ ਮੌਤ ਹੋ ਗਈ ਜਦੋਂ ਕਿ ਦੂਜੇ ਮੋਟਰ ਸਾਈਕਲ ਸਵਾਰ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਲਛਮਣ ਸਿੰਘ ਪਿੰਡ ਪੰਡੋਰੀ ਅਰਾਈਆਂ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਹ ਪਿੰਡ ਖੁਖਰਾਣਾ ਤੋਂ ਕੰਮ ਕਰਕੇ ਵਾਪਸ ਮੋਟਰਸਾਈਕਲ ਉੱਤੇ ਪਿੰਡ ਆ ਰਿਹਾ ਸੀ।

ਪਿੰਡ ਦੌਲਤਪੁਰਾ ਕੋਲ ਉਸ ਦੇ ਮੋਟਰ ਸਾਈਕਲ ਦੀ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ, ਜਿਥੇ ਲਛਮਣ ਸਿੰਘ ਦੀ ਮੌਤ ਹੋ ਗਈ ਅਤੇ ਦੂਜੇ ਮੋਟਰਸਾਈਕਲ ਸਵਾਰ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਜ਼ੀਰਾ ਵਜੋਂ ਹੋਈ ਹੈ ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All