DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Road Accident: ਤੇਜ਼ ਰਫ਼ਤਾਰ ਕਾਰ ਦੀ ਫੇਟ ਨਾਲ ਕੁੜੀ ਦੀ ਮੌਤ

ਹਾਦਸੇ ਮਗਰੋਂ ਕਾਰ ਛੱਡ ਦੇ ਭੱਜੇ ਦੋ ਜਣਿਆਂ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ

  • fb
  • twitter
  • whatsapp
  • whatsapp
featured-img featured-img
ਹਾਦਸੇ ਮਗਰੋਂ ਨੁਕਸਾਨੀ ਗਈ ਕਾਰ ਕੋਲ ਪੁੱਜੀ ਪੁਲੀਸ ਅਤੇ ਇਕੱਤਰ ਹੋਏ ਲੋਕ।
Advertisement

ਇੱਥੇ ਅੱਜ ਸ਼ਾਮ ਰੇਲਵੇ ਸਟੇਸ਼ਨ ਨੇੜੇ ਤੇਜ਼ ਰਫ਼ਤਾਰ ਕਾਰ ਨੇ ਸੜਕ ’ਤੇ ਜਾ ਰਹੀ ਲੜਕੀ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਲੜਕੀ ਕਰੀਬ 10 ਫੁੱਟ ਦੂਰ ਜਾ ਡਿੱਗੀ ਅਤੇ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਸਬ-ਡਿਵੀਜ਼ਨਲ ਹਸਪਤਾਲ ਜੈਤੋ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਮਗਰੋਂ ਸਿਵਲ ਹਸਪਤਾਲ ਕੋਟਕਪੂਰਾ ਰੈਫ਼ਰ ਕਰ ਦਿੱਤਾ ਗਿਆ। ਉੱਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਅਰਸ਼ਪ੍ਰੀਤ ਕੌਰ (19) ਪੁੱਤਰੀ ਇਕਬਾਲ ਸਿੰਘ, ਵਾਸੀ ਚੈਨਾ ਰੋਡ ਜੈਤੋ ਵਜੋਂ ਹੋਈ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਕਾਰ ਚੌਕ ਨੰਬਰ ਇੱਕ ਵੱਲੋਂ ਤੇਜ਼ ਰਫ਼ਤਾਰ ਨਾਲ ਰੇਲਵੇ ਸਟੇਸ਼ਨ ਵੱਲ ਆ ਰਹੀ ਸੀ। ਕਾਰ ਵਿੱਚ ਚਾਲਕ ਸਣੇ ਦੋ ਜਣੇ ਸਵਾਰ ਸਨ। ਸਟੇਸ਼ਨ ਦੇ ਮੁੱਖ ਗੇਟ ਅੱਗਿਓਂ ਲੰਘਦਿਆਂ ਜਦੋਂ ਕਾਰ ਸੱਜੇ ਹੱਥ ਪੋਸਟ ਆਫਿਸ ਵੱਲ ਮੁੜੀ ਤਾਂ ਚਾਲਕ ਕਥਿਤ ਤੌਰ ’ਤੇ ਕਾਰ ਤੋਂ ਕੰਟਰੋਲ ਗੁਆ ਬੈਠਾ। ਇਸੇ ਦੌਰਾਨ ਅੱਗੇ ਸੜਕ ’ਤੇ ਜਾ ਰਹੀ ਲੜਕੀ ਕਾਰ ਦੀ ਲਪੇਟ ਵਿੱਚ ਆ ਗਈ। ਇਸ ਮਗਰੋਂ ਬੇਕਾਬੂ ਕਾਰ ਰੇਲਵੇ ਸਟੇਸ਼ਨ ਦੇ ਬਾਹਰ ਬਣੇ ਰਿਕਸ਼ਾ ਸਟੈਂਡ ਦੇ ਸ਼ੈੱਡ ਦੀ ਸਪੋਰਟ ਲਈ ਲਾਈਆਂ ਪਾਈਪਾਂ ਵਿੱਚ ਜਾ ਵੱਜੀ, ਜਿਸ ਕਾਰਨ ਸ਼ੈੱਡ ਨੁਕਸਾਨਿਆ ਗਿਆ।

Advertisement

ਹਾਦਸੇ ਮਗਰੋਂ ਕਾਰ ਸਵਾਰ ਦੋਵੇਂ ਜਣੇ ਕਾਰ ਉੱਥੇ ਹੀ ਛੱਡ ਕੇ ਰੇਲਵੇ ਲਾਈਨਾਂ ਦੇ ਨਾਲ-ਨਾਲ ਮੁਕਤਸਰ ਰੋਡ ਵਾਲੇ ਰੇਲਵੇ ਫਾਟਕ ਵੱਲ ਭੱਜ ਗਏ। ਦੱਸਿਆ ਜਾਂਦਾ ਹੈ ਕਿ ਕਾਰ ਦੇ ਪਿੱਛੇ ਪੁਲੀਸ ਦੀ ਕਾਰ ਵੀ ਲੱਗੀ ਹੋਈ ਸੀ ਅਤੇ ਪੁਲੀਸ ਮੁਲਾਜ਼ਮ ਦੋਵਾਂ ਨੂੰ ਫੜਨ ਲਈ ਪਿੱਛੇ ਦੌੜੇ। ਇਸ ਦੌਰਾਨ ਰੇਲਵੇ ਫਾਟਕ ਨੇੜੇ ਤਾਸ਼ ਖੇਡਣ ਵਾਲਿਆਂ ਨੇ ਦੋਵਾਂ ਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ।

Advertisement

ਕਾਰ ਚਾਲਕ ਦੀ ਪਛਾਣ ਲਾਕੇਸ਼ ਬਾਂਸਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਦੱਸੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ

ਭੀਖੀ (ਮਾਨਸਾ) (ਜੋਗਿੰਦਰ ਸਿੰਘ ਮਾਨ): ਥਾਣਾ ਭੀਖੀ ਪੁਲੀਸ ਨੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਪੰਜਾਬ ਰੋਡਵੇਜ਼ ਬੱਸ ਚਾਲਕ ਅਤੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਹਾਦਸਾ ਬੀਤੀ ਸ਼ਾਮ ਪਿੰਡ ਕੋਟੜਾ ਬੱਸ ਅੱਡੇ ਨੇੜੇ ਵਾਪਰਿਆ। ਥਾਣਾ ਭੀਖੀ ਦੇ ਥਾਣੇਦਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਮਦਾਸ ਵਾਸੀ ਬੋੜਾਵਾਲ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੀ ਕਾਰ ਰਾਹੀਂ ਮਾਨਸਾ ਤੋਂ ਭੀਖੀ ਵੱਲ ਜਾ ਰਿਹਾ ਸੀ। ਉਸ ਦਾ ਪੁੱਤਰ ਸਵਰਨ ਸਿੰਘ ਆਪਣੇ ਮੋਟਰਸਾਈਕਲ ’ਤੇ ਉਸ ਤੋਂ ਅੱਗੇ ਜਾ ਰਿਹਾ ਸੀ। ਪਿੰਡ ਕੋਟੜਾ ਬੱਸ ਅੱਡੇ ਨੇੜੇ ਪੰਜਾਬ ਰੋਡਵੇਜ਼ ਬੱਸ ਨੇ ਸਵਰਨ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਪਿਆ। ਇਸੇ ਦੌਰਾਨ ਪਿੱਛੋਂ ਆ ਰਿਹਾ ਟਿੱਪਰ ਉਸ ਦੇ ਉੱਪਰੋਂ ਲੰਘ ਗਿਆ। ਟਿੱਪਰ ਚਾਲਕ ਵਾਹਨ ਨੂੰ ਸੜਕ ਕਿਨਾਰੇ ਖੜ੍ਹਾ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦੀ ਮਦਦ ਨਾਲ ਸਵਰਨ ਸਿੰਘ ਨੂੰ ਨਿੱਜੀ ਵਾਹਨ ਰਾਹੀਂ ਸਿਵਲ ਹਸਪਤਾਲ ਮਾਨਸਾ ਪਹੁੰਚਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣੇਦਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਰਾਮਦਾਸ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਆਲਮ ਅਤੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

Advertisement
×