ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 9 ਜੁਲਾਈ
ਅੱਜ ਮੌੜ ਮੰਡੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਲਵੰਡੀ ਸਾਬੋ ਇਲਾਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਪੰਜ ਨੌਜਵਾਨਾਂ ਦੀ ਮੌਤ ਅਤੇ ਇੱਕ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਹਲਕੇ ਅੰਦਰ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਹਰਮਨਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ, ਅਰਮਾਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਸੁਖਵਿੰਦਰ ਸਿੰਘ, ਸੰਦੀਪ ਸਿੰਘ (ਚਾਰੇ ਵਾਸੀ ਜੱਜਲ), ਮਨਪ੍ਰੀਤ ਸਿੰਘ ਪੁੱਤਰ ਮਹਿਮਾ ਸਿੰਘ ਵਾਸੀ ਮਲਕਾਣਾ ਅਤੇ ਦਿਲੇਸ਼ਵਰ ਸਿੰਘ ਪੁੱਤਰ ਗੁਰਮੀਤ ਸਿੰਘ ਸਰਪੰਚ ਜੋਗੇਵਾਲਾ ਇੱਕ ਸਵਿੱਫਟ ਕਾਰ ਨੰਬਰ ਪੀਬੀ 3 ਐੱਨ 4414 ਵਿੱਚ ਸਵਾਰ ਹੋ ਕੇ ਰਾਮਪੁਰਾ ਦੀ ਤਰਫ਼ੋਂ ਤਲਵੰਡੀ ਸਾਬੋ ਵੱਲ ਆਪਣੇ ਪਿੰਡਾਂ ਨੂੰ ਆ ਰਹੇ ਸਨ ਜਿਨ੍ਹਾਂ ਦੀ ਕਾਰ ਦੀ ਮੌੜ ਮੰਡੀ ਨੇੜੇ ਪਿੰਡ ਰਾਮਨਗਰ ਕੋਲ ਇੱਕ ਤੇਜ਼ ਰਫ਼ਤਾਰ ਟਰਾਲੇ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਪੰਜ ਨੌਜਵਾਨਾਂ ਹਰਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਅਰਮਾਨ ਸਿੰਘ (ਤਿੰਨੇ ਵਾਸੀ ਜੱਜਲ), ਮਨਪ੍ਰੀਤ ਸਿੰਘ ਮਲਕਾਣਾ ਅਤੇ ਦਿਲਾਸ਼ਵਰ ਸਿੰਘ ਵਾਸੀ ਜੋਗੇਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਸੰਦੀਪ ਸਿੰਘ ਵਾਸੀ ਜੱਜਲ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਬਠਿੰਡਾ ਭੇਜਿਆ ਗਿਆ ਹੈ। ਸਾਰੇ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ ਅਤੇ ਸਾਰੇ ਹੀ ਆਪਣੇ ਮਾਪਿਆਂ ਦੇ ਇਕੱਲੇ- ਇਕੱਲੇ ਪੁੱਤਰ ਸਨ ਅਤੇ ਸਾਰਿਆਂ ਵਿੱਚੋਂ ਅਜੇ ਤੱਕ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਸੀ। ਉਕਤ ਘਟਨਾ ਦੀ ਖ਼ਬਰ ਇਲਾਕੇ ਅੰਦਰ ਫੈਲਦਿਆਂ ਹੀ ਜਿੱਥੇ ਸੋਗ ਦੀ ਲਹਿਰ ਫੈਲੀ ਗਈ, ਉੱਥੇ ਮ੍ਰਿਤਕਾਂ ਦੇ ਰਿਸ਼ਤੇਦਾਰ ਤੇ ਸੰਗੀ ਸਾਥੀ ਡੂੰਘੇ ਗਮ ਵਿੱਚ ਡੁੱਬੇ ਹੋਏ ਸਨ ਤੇ ਆਪਣੇ ਲਾਡਾਂ ਨਾਲ ਪਾਲ ਕੇ ਜਿਗਰ ਦੇ ਟੱਕੜੇ ਗੁਵਾ ਚੁੱਕੇ ਮਾਪਿਆਂ ਨੂੰ ਧੀਰਜ ਦੇ ਰਹੇ ਹਨ। ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ 10 ਜੁਲਾਈ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਕੀਤਾ ਜਾਵੇਗਾ।