ਬਲਜੀਤ ਸਿੰਘ
ਸਰਦੂਲਗੜ੍ਹ,6 ਅਕਤੂਬਰ
ਭਾਖੜਾ ਮੇਨ ਨਹਿਰ ’ਚੋ ਨਿਕਲਦੀ ਨਿਊ ਢੰਡਾਲ ਨਹਿਰ ’ਚ ਪਿੰਡ ਆਹਲੂਪੁਰ ਕੋਲ ਪਾੜ ਪੈਣ ਕਾਰਨ 50 ਏਕੜ ਝੋਨੇ ਦੀ ਫਸਲ ’ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਪੱਕੀ ਫਸਲ ਦੇ ਖਰਾਬ ਹੋਣ ਦਾ ਖਦਸ਼ਾ ਹੈ। ਸੁੂਚਨਾ ਦੇਣ ਦੇ ਬਾਵਜੂਦ ਪ੍ਰਸ਼ਾਸਨਿਕ ਅਤੇ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਮੌਕੇ ਦਾ ਜਾਇਜ਼ਾ ਲੈਣ ਲਈ ਨਹੀਂ ਪਹੁੰਚਿਆ ਹੈ। ਕਿਸਾਨਾਂ ਨੇ ਪ੍ਰਸ਼ਾਸਨਿਕ ਤੇ ਸਬੰਧਤ ਮਹਿਕਮੇ ਤੋਂ ਕੋਈ ਮਦਦ ਨਾਲ ਮਿਲਦੀ ਦੇਖ ਖੁਦ ਦਰੱਖਤਾਂ ਆਦਿ ਨੂੰ ਨੱਕੇ ’ਚ ਲਗਾਕੇ ਪਾੜ ਨੂੰ ਪੂਰਨ ਦੀ ਕੋਸ਼ਿਸ ਆਰੰਭ ਦਿੱਤੀ ਹੈ। ਕਿਸਾਨ ਵਿਕਾਸ ਕੁਮਾਰ, ਖੈਰਾ ਖੁਰਦ ਨੇ ਦੱਸਿਆ ਕਿ ਨਿਊ ਢੰਡਾਲ ਨਹਿਰ ਟੁੱਟਣ ਕਾਰਨ 35 ਤੋਂ40 ਏਕੜ ਝੋਨਾ ਪਾਣੀ ਵਿੱਚ ਡੁੱਬ ਗਿਆ ਹੈ। ਉਸ ਨੇ ਦੱਸਿਆ ਕਿ ਝੋਨੇ ਦੀ ਫਸਲ ਪੱਕ ਕਿ ਤਿਆਰ ਸੀ। ਪਾਣੀ ਨਾਲ ਝੋਨੇ ਦੀ ਫਸਲ ਖਰਾਬ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਨੇ ਨਹਿਰ ਵਿੱਚ ਪਾੜ ਪੈਣ ਦੀ ਖ਼ਬਰ ਵਿਭਾਗ ਦੇ ਕਰਮਚਾਰੀਆ ਅਤੇ ਅਧਿਕਾਰੀਆਂ ਨੂੰ ਫੋਨ ’ਤੇ ਦਿੱਤੀ ਪਰ ਕੋਈ ਮੌਕੇ ਤੇ ਨਹੀਂ ਪਹੁੰਚਿਆ। ਉਸ ਨੇ ਦੱਸਿਆ ਕਿ ਮਜ਼ਦੂਰ ਲਾ ਕੇ ਪਾੜ ਪੂਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਕਿਸਾਨ ਬੂਟਾ ਸਿੰਘ ਅਤੇ ਜਗਪ੍ਰੀਤ ਸਿੰਘ ਪਿੰਡ ਆਹਲੂਪੁਰ ਦੀ 5-5 ਏਕੜ ਝੋਨੇ ਦੀ ਫਸਲ ਪਾਣੀ ਕਾਰਨ ਖਰਾਬ ਹੋ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।