ਖੁਸ਼ਕ ਮੌਸਮ ਕਾਰਨ Paddy Crop ’ਤੇ ਗੋਭ ਦੀ ਸੁੰਡੀ ਦਾ ਹਮਲਾ
ਕਿਸਾਨਾਂ ਵਿੱਚ ਚਿੰਤਤ; ਖੇਤੀ ਵਿਭਾਗ ਵੱਲੋਂ ਸਪਰੇਅ ਨਾ ਕਰਨ ਦੀ ਸਲਾਹ
ਮਾਲਵਾ ਪੱਟੀ ਵਿੱਚ ਸਾਉਣ ਦਾ ਮਹੀਨਾ ਲਗਪਗ ਖੁਸ਼ਕ ਰਹਿਣ ਅਤੇ ਪੈ ਰਹੀ ਗਰਮੀ ਕਾਰਨ ਅਗੇਤੇ ਅਤੇ ਪਛੇਤੇ ਝੋਨੇ ਦੀ ਫ਼ਸਲ ਉੱਤੇ ਗੋਭ ਦੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਹਮਲੇ ਕਾਰਨ ਕਿਸਾਨਾਂ ਵਿੱਚ ਝਾੜ ਘੱਟ ਹੋਣ ਦਾ ਡਰ ਸਤਾਉਣ ਲੱਗਾ ਹੈ ਅਤੇ ਉਹ ਫ਼ਸਲ ਨੂੰ ਬਚਾਉਣ ਲਈ ਮਹਿੰਗੀਆਂ ਕੀਟਨਾਸ਼ਕ ਸਪਰੇਆਂ ਦਾ ਸਹਾਰਾ ਲੈ ਰਹੇ ਹਨ। ਦੂਜੇ ਪਾਸੇ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਬੇਲੋੜੀਆਂ ਅਤੇ ਅੰਨੇਵਾਹ ਸਪਰੇਆਂ ਨਾ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਫ਼ਸਲ ਉੱਤੇ ਇਹ ਹਮਲਾ ਫ਼ਿਲਹਾਲ ਬਹੁਤ ਨਾ-ਮਾਤਰ ਅਤੇ ਮਾਮੂਲੀ ਹੈ, ਜਿਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਈ ਚੰਗਾ ਮੀਂਹ ਪਵੇਗਾ, ਇਹ ਸੁੰਡੀ ਆਪਣੇ-ਆਪ ਪਾਣੀ ਵਿੱਚ ਡਿੱਗ ਕੇ ਨਸ਼ਟ ਹੋ ਜਾਵੇਗੀ। ਵਿਭਾਗ ਅਨੁਸਾਰ ਜੇ ਖੇਤਾਂ ਵਿੱਚ ਇਸ ਕੀੜੇ ਦਾ ਹਮਲਾ ਪੰਜ ਫ਼ੀਸਦ ਸੁੱਕੀਆਂ ਪੱਤੀਆਂ ਯਾਨੀ ‘ਇਕਨਾਮਿਕ ਥਰੈਸ਼ਹੋਲਡ ਲਵਲ’ ਤੋਂ ਵੱਧ ਹੋਵੇ, ਸਿਰਫ਼ ਉਦੋਂ ਹੀ ਸਪਰੇਅ ਦੀ ਲੋੜ ਪੈਂਦੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਸਮ ਦੇ ਖੁਸ਼ਕ ਰਹਿਣ ਕਾਰਨ ਕਿਸਾਨ ਮੁਸੀਬਤ ਵਿੱਚ ਹਨ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਰਕੀਟ ਵਿੱਚ ਦਵਾਈ ਵਿਕਰੇਤਾਵਾਂ ਦੇ ਪਿੱਛੇ ਲੱਗ ਕੇ ਫ਼ਸਲ ‘ਤੇ ਫਾਲਤੂ ਖਰਚਾ ਨਾ ਕਰਨ ਅਤੇ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਤੁਰੰਤ ਵਿਭਾਗੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਨ।

