ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ
ਪਿੰਡ ਚੱਕ ਗਾਂਧਾ ਸਿੰਘ ਵਾਲਾ ‘ਚ ਬਿਜਲੀ ਦੇ ਮੀਟਰ ਪੁੱਟਣ ਆਏ ਪਾਵਰਕੌਮ ਮੁਲਾਜ਼ਮਾਂ ਨੂੰ ਨੌਜਵਾਨ ਭਾਰਤ ਸਭਾ ਅਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਤੇ ਪਿੰਡ ਵਾਸੀਆਂ ਵੱਲੋਂ ਭਜਾ ਦਿੱਤਾ ਗਿਆ। ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਮੀਟਰ ਪੱਟਣ ਵਾਲੇ ਅਧਿਕਾਰੀਆਂ ਦੇ ਘਿਰਾਓ ਦੀ ਚਿਤਾਵਨੀ ਦਿੱਤੀ।
ਸਭਾ ਦੇ ਸੂਬਾ ਸਕੱਤਰ ਮੰਗਾ ਅਜ਼ਾਦ ਅਤੇ ਯੂਨੀਅਨ ਦੇ ਯੂਥ ਆਗੂ ਰਮਨਦੀਪ ਸਿੰਘ ਚੱਕ, ਪ੍ਰਦੀਪ ਕੌਰ, ਨਵਜੋਤ ਸਿੰਘ, ਰਘੂ, ਅਜੇਪਾਲ, ਕਿਸਾਨ ਆਗੂ ਹਰਦੀਪ ਸਿੰਘ ਅਤੇ ਮਜ਼ਦੂਰ ਆਗੂ ਮਨਜੀਤ ਕੌਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਰਕੇ ਆਮ ਲੋਕਾਂ ਦੇ ਕੰਮ ਕਾਜ ਠੱਪ ਪਏ ਹਨ। ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ ਹੈ, ਉੱਪਰੋਂ ਬਿਜਲੀ ਵਿਭਾਗ ਧੱਕੇਸ਼ਾਹੀ ਨਾਲ ਮੀਟਰ ਪੁੱਟ ਰਹੇ ਹਨ ਅਤੇ ਭਾਰੀ ਜੁਰਮਾਨੇ ਲਾਉਣ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਕਿਸਾਨ ਜਥੇਬੰਦੀ ਬਿਜਲੀ ਬਿੱਲਾਂ ਵਾਲੇ ਮਸਲੇ ‘ਤੇ ਬਿਜਲੀ ਬੋਰਡ ਦੇ ਦਫਤਰਾਂ ਅੱਗੇ ਧਰਨੇ ਦੇ ਚੁੱਕੀਆਂ ਹਨ ਅਤੇ ਮੰਗ ਪੱਤਰ ਭੇਜੇ ਗਏ ਹਨ। ਇਸ ਦੇ ਬਾਵਜੂਦ ਇਨ੍ਹਾਂ ਦੇ ਅਧਿਕਾਰੀ ਧੱਕੇਸ਼ਾਹੀ ਕਰਕੇ ਕੁਨੈਕਸ਼ਨ ਕੱਟ ਰਹੇ ਹਨ।
ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਕਿਸਾਨ ਮਜ਼ਦੂਰ ਦਾ ਮੀਟਰ ਪੁੱਟਿਆ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਕੱਟੇ ਹੋਏ ਕਨੈਕਸ਼ਨ ਇਕੱਠ ਕਰਕੇ ਜੋੜੇ ਜਾਣਗੇ। ਇਸ ਮੌਕੇ ਰਾਜਪ੍ਰੀਤ ਸਿੰਘ, ਬਲਜੀਤ ਸਿੰਘ, ਸਰਬਜੀਤ ਕੌਰ, ਸੁਖਦੇਵ ਕੌਰ, ਪ੍ਰੀਤਮ ਸਿੰਘ, ਤੇਜ ਕੌਰ, ਅਮਨਦੀਪ ਸਿੰਘ, ਗੋਲਡੀ, ਬਲਵੰਤ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਸਰਾਏਨਾਗਾ ਉਪ ਮੰਡਲ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਵਿਭਾਗ ਦੇ ਨੇਮਾਂ ਅਨੁਸਾਰ ਡਿਫਾਲਟਰ ਖਪਤਕਾਰਾਂ ਦੇ ਮੀਟਰ ਲਾਹੇ ਜਾ ਰਹੇ ਹਨ।