ਨਿਗਮ ’ਚ ਰਾਖਵਾਂਕਰਨ ਤੇ ਵਾਰਡਬੰਦੀ ਸਵਾਲਾਂ ’ਚ ਘਿਰੀ
ਨਗਰ ਨਿਗਮ ਬਠਿੰਡਾ ਦੀ ਵਾਰਡਬੰਦੀ ਅਤੇ ਰਾਖਵੇਂਕਰਨ ਬਾਰੇ ਉੱਚ ਅਦਾਲਤ ਦੇ ਤਾਜ਼ਾ ਹੁਕਮਾਂ ਦੀ ਕਾਪੀ ਨਿਗਮ ਦੀ ਕਮਿਸ਼ਨਰ ਲਵਜੀਤ ਕਲਸੀ ਨੂੰ ਸੌਂਪਣ ਲਈ ਅੱਜ ਕਾਂਗਰਸ ਪਾਰਟੀ ਦਾ 11 ਮੈਂਬਰੀ ਵਫ਼ਦ ਨਿਗਮ ਦਫ਼ਤਰ ਪੁੱਜਾ। ਵਫ਼ਦ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਕਾਂਗਰਸ...
ਨਗਰ ਨਿਗਮ ਬਠਿੰਡਾ ਦੀ ਵਾਰਡਬੰਦੀ ਅਤੇ ਰਾਖਵੇਂਕਰਨ ਬਾਰੇ ਉੱਚ ਅਦਾਲਤ ਦੇ ਤਾਜ਼ਾ ਹੁਕਮਾਂ ਦੀ ਕਾਪੀ ਨਿਗਮ ਦੀ ਕਮਿਸ਼ਨਰ ਲਵਜੀਤ ਕਲਸੀ ਨੂੰ ਸੌਂਪਣ ਲਈ ਅੱਜ ਕਾਂਗਰਸ ਪਾਰਟੀ ਦਾ 11 ਮੈਂਬਰੀ ਵਫ਼ਦ ਨਿਗਮ ਦਫ਼ਤਰ ਪੁੱਜਾ। ਵਫ਼ਦ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰ ’ਤੇ ਗ਼ਲਤ ਵਾਰਡਬੰਦੀ ਅਤੇ ਰਾਖਵਾਂਕਰਨ ਕਰਨ ਦੇ ਦੋਸ਼ ਲਾਉਂਦਿਆਂ ਪਟੀਸ਼ਨ ਦਾਇਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉੱਚ ਅਦਾਲਤ ਨੇ ਦੋਵਾਂ ਮੁੱਦਿਆਂ ’ਤੇ ਪੰਜਾਬ ਸਰਕਾਰ ਨੂੰ ਚਾਰ ਹਫ਼ਤਿਆਂ ਵਿੱਚ ਸ਼ਿਕਾਇਤ ਕਰਤਾ ਦੇ ਇਤਰਾਜ਼ ਦਰੁਸਤ ਕਰਨ ਲਈ ਆਖਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਮੰਗ ਪੱਤਰ ਦੇ ਕੇ ਨਗਰ ਨਿਗਮ ਦੀ ਵਾਰਡਬੰਦੀ ਦਰੁਸਤ ਕਰਨ ਅਤੇ ਬਰਾਬਰ ਵੋਟਰਾਂ ਦੇ ਵਾਰਡ ਬਣਾਉਣ ਦੀ ਮੰਗ ਕੀਤੀ ਗਈ ਹੈ।
ਸ੍ਰੀ ਗਰਗ ਨੇ ਦੋਸ਼ ਲਾਏ ਕਿ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲੁੱਟਣ ਲਈ ਵੋਟਰ ਸੂਚੀਆਂ ਵਿੱਚ ਹੇਰ ਫੇਰ ਕੀਤੀ ਗਈ ਅਤੇ ਰਾਖ਼ਵਾਂਕਰਨ ਵੀ ਆਪਣੇ ਤਰੀਕੇ ਨਾਲ ਤਿਆਰ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇੱਕ ਵਾਰਡ ਵਿੱਚ 1150 ਵੋਟਾਂ ਅਤੇ ਇੱਕ ਵਾਰਡ ਵਿੱਚ 8500 ਵੋਟਾਂ ਪਾਈਆਂ ਗਈਆਂ, ਜੋ ਕਿ ਸਰਾਸਰ ਧੱਕੇਸ਼ਾਹੀ ਅਤੇ ਗ਼ਲਤ ਸਿਸਟਮ ਹੈ, ਜਿਸ ਕਰਕੇ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਤਿਆਰ ਹੈ, ਪਰ ਪੰਜਾਬ ਸਰਕਾਰ ਦੀ ਨੀਅਤ ਮਾੜੀ ਹੈ। ਵਫ਼ਦ ’ਚ ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਸਾਬਕਾ ਡਿਪਟੀ ਮੇਅਰ ਮਾ. ਹਰਮੰਦਰ ਸਿੰਘ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਸਾਬਕਾ ਪ੍ਰਧਾਨ ਅਰੁਣ ਵਧਾਵਣ, ਜ਼ਿਲ੍ਹਾ ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਕਮਲਜੀਤ ਸਿੰਘ ਭੰਗੂ, ਵਿੱਕੀ ਨੰਬਰਦਾਰ, ਜਸਵੀਰ ਸਿੰਘ ਜੱਸਾ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਬੰਟੀ (ਸਾਰੇ ਕੌਂਸਲ)ਤੇ ਪ੍ਰਧਾਨ ਅਨਿਲ ਭੋਲਾ ਸ਼ਾਮਲ ਸਨ।

