Renovation of the Shah Abu Bokar link road starts after 13 years: ਜ਼ੀਰਾ-ਫਤਹਿਗੜ੍ਹ ਪੰਜਤੂਰ ਸੜਕ ਦਾ ਨਵੀਨੀਕਰਨ ਸ਼ੁਰੂ
ਕੁੱਲ 2.50 ਕਰੋਡ਼ ਰੁਪਏ ’ਚ ਮੁਕੰਮਲ ਹੋਵੇਗਾ ਕੰਮ
ਇੱਥੇ ਮੋਗਾ-ਅੰਮ੍ਰਿਤਸਰ ਰਾਜ ਮਾਰਗ ਉੱਤੇ ਸਥਿਤ ਅੱਡਾ ਸ਼ਾਹ ਅੱਬੂ ਬੋਕਰ ਤੱਕ ਜਾਣ ਵਾਲੀ ਸੰਪਰਕ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਮੰਡੀ ਬੋਰਡ ਵੱਲੋਂ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਮੰਡੀ ਬੋਰਡ ਦੇ ਐਕਸੀਅਨ ਹਰਿੰਦਰ ਸਿੰਘ, ਐੱਸ ਡੀ ਓ ਪਰਮਿੰਦਰ ਸਿੰਘ, ਜੇ ਈ ਹਰਪ੍ਰੀਤ ਸਿੰਘ, ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਸਮੇਤ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ। ਇਸ ਸੜਕ ਉਪਰ 13 ਸਾਲ ਬਾਅਦ ਕੰਮ ਸ਼ੁਰੂ ਹੋਇਆ ਹੈ ਜਦੋਂਕਿ ਇਹ ਕਸਬੇ ਨੂੰ ਦੂਸਰੇ ਸ਼ਹਿਰਾਂ ਨਾਲ ਜੋੜਨ ਦਾ ਇੱਕਮਾਤਰ ਲਾਂਘਾ ਹੈ।
ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਨਾਲ ਲੰਬੇ ਸਮੇਂ ਬਾਅਦ ਸੜਕ ਦਾ ਕੰਮ ਸ਼ੁਰੂ ਹੋਇਆ ਹੈ। ਉਨ੍ਹਾਂ ਦੱਸਿਆ ਕਿ 2 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਸਾਢੇ ਪੰਜ ਕਿਲੋਮੀਟਰ ਸੜਕ ਦੇ ਇਸ ਹਿੱਸੇ ਨੂੰ ਮੰਡੀ ਬੋਰਡ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਪੰਜਤੂਰ ਦੇ ਧਰਮਕੋਟ ਚੌਕ ਤੋਂ ਲੈ ਕੇ ਅੱਡਾ ਸ਼ਾਹ ਅੱਬੂ ਬਾਕਰ ਤੱਕ ਸੜਕ ਬਣਾਈ ਜਾਣੀ ਹੈ ਤੇ ਸੜਕ ਦੇ ਸੁੰਦਰੀਕਰਨ ਲਈ ਨਗਰ ਪੰਚਾਇਤ ਵੱਲੋਂ ਵੱਖਰਾ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ।

