ਅੱਡਾ ਬਦਲਣਾ ਹੀ ਟ੍ਰੈਫਿਕ ਸਮੱਸਿਆ ਦਾ ਹੱਲ: ਸੰਧਵਾਂ
ਤਜਵੀਜ਼ਤ ਥਾਵਾਂ ਦਾ ਨਿਰੀਖਣ; ਤਹਿਸੀਲ ਕੰਪਲੈਕਸ ਵੀ ਬਾਹਰ ਲਿਆਉਣ ’ਤੇ ਵਿਚਾਰ
ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਬੱਸ ਅੱਡਾ ਸ਼ਹਿਰੋਂ ਬਾਹਰ ਲਿਆਉਣ ਵਾਸਤੇ ਪ੍ਰਸ਼ਾਸਨ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡੀ ਸੀ ਪੂਨਮਦੀਪ ਕੌਰ ਅਤੇ ਹੋਰ ਅਧਿਕਾਰੀਆਂ ਸਣੇ ਤਜਵੀਜ਼ਤ ਥਾਵਾਂ ਦਾ ਨਰੀਖਣ ਕੀਤਾ। ਸੰਧਵਾਂ ਨੇ ਕਿਹਾ ਕਿ ਸ਼ਹਿਰ ’ਚੋਂ ਟ੍ਰੈਫਿਕ ਘਟਾਉਣ ਦਾ ਹੱਲ ਬੱਸ ਅੱਡੇ ਨੂੰ ਬਾਹਰ ਤਬਦੀਲ ਕਰਨਾ ਹੈ। ਉਨ੍ਹਾਂ ਬਾਬਾ ਦਿਆਲ ਸਿੰਘ ਚੌਕ ਦਾ ਦੌਰਾ ਕੀਤਾ, ਜਿਥੇ ਬੱਸ ਅੱਡਾ ਲਿਆਉਣ ਦੀ ਤਜਵੀਜ਼ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ ਸ਼ਹਿਰ ਵਿੱਚ ਹੋਣ ਕਾਰਨ ਅੰਦਰਲੀਆਂ ਸੜਕਾਂ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਅਕਸਰ ਬਣੀ ਰਹਿੰਦੀ ਹੈ ਅਤੇ ਬਾਜ਼ਾਰ ਵਿੱਚ ਢੁਕਵੀਂ ਪਾਰਕਿੰਗ ਨਾ ਹੋਣ ਕਾਰਨ ਵਾਹਨ ਸੜਕਾਂ ’ਤੇ ਖੜ੍ਹੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਲਈ ਵੀ ਨਵੀਂ ਜਗ੍ਹਾ ਦੇਖੀ ਗਈ ਹੈ ਤਾਂ ਕਿ ਇਥੇ ਆਉਣ ਵਾਲੇ ਲੋਕ ਬਾਹਰ ਦੀ ਬਾਹਰ ਆਪਣਾ ਕੰਮ ਕਰਵਾ ਕੇ ਭੀੜ ਅਤੇ ਟ੍ਰੈਫਿਕ ਤੋਂ ਬਚ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਸਥਾਨਾਂ ਦੀ ਚੋਣ ਲਈ ਉਹ ਖੁਦ ਹਰ ਰੋਜ ਸਥਾਨ ਵੀ ਦੇਖ ਰਹੇ ਹਨ ਅਤੇ ਅਧਿਕਾਰੀਆਂ ਤੋਂ ਇਨ੍ਹਾਂ ਬਾਰੇ ਲਗਾਤਾਰ ਪ੍ਰਗਤੀ ਰਿਪੋਰਟ ਵੀ ਲੈ ਰਹੇ ਹਨ। ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਤਜਵੀਜ਼ਤ ਥਾਵਾਂ ਦਾ ਰਿਕਾਰਡ ਤਿਆਰ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ। ਇਸ ਮੌਕੇ ਸੂਰਜ ਕੁਮਾਰ ਐੱਸ ਡੀ ਐੱਮ ਕੋਟਕਪੂਰਾ ਅਤੇ ਰੁਪਿੰਦਰ ਸਿੰਘ ਬੱਲ ਤਹਿਸੀਲਦਾਰ ਵੀ ਮੌਜੂਦ ਸਨ।

