Rampura Phul: ਜ਼ਮੀਨਾਂ ਬਚਾਉਣ ਲਈ ਪੰਚਾਇਤਾਂ ਦੀ ਲਾਮਬੰਦੀ ਦਾ ਐਲਾਨ
ਬੀ ਕੇ ਯੂ ਸਿੱਧੂਪੁਰ ਗ੍ਰਾਮ ਸਭਾ ’ਚ ਮਤੇ ਪਾਉਣ ਲਈ ਕਰੇਗੀ ਪ੍ਰੇਰਿਤ; ਹਲਕਾ ਮੌੜ ਦੇ ਪਿੰਡਾਂ ਵਿੱਚ ਜ਼ਮੀਨਾਂ ਦੇ ਸਰਵੇਖਣ ਕਾਰਨ ਕਿਸਾਨ ਸਹਿਮੇ
ਹਲਕਾ ਮੌੜ ਦੇ ਪਿੰਡਾਂ ਵਿੱਚ ਜ਼ਮੀਨਾਂ ਦੇ ਸਰਵੇਖਣ ਕਾਰਨ ਕਿਸਾਨਾਂ ’ਚ ਸਹਿਮ ਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਗੰਭੀਰ ਮੁੱਦੇ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਨੇ ਪਿੰਡ ਬਾਲਿਆਵਾਲੀ ਵਿੱਚ ਹੰਗਾਮੀ ਮੀਟਿੰਗ ਕੀਤੀ ਤੇ ਇਸ ਬਾਰੇ ਪੰਚਾਇਤਾਂ ਨੂੰ ਲਾਮਬੰਦ ਕਰਨ ਦਾ ਐਲਾਨ ਕੀਤਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਹਲਕਾ ਮੌੜ ਦੇ ਪਿੰਡਾਂ ਵਿੱਚ ਡਰੋਨਾਂ ਰਾਹੀਂ ਹੋ ਰਹੇ ਸਰਵੇਖਣ ਸਬੰਧੀ ਹਾਲੇ ਤੱਕ ਪ੍ਰਸ਼ਾਸਨ ਨੇ ਸਾਫ਼ ਨਹੀਂ ਕੀਤਾ ਕਿ ਇਸ ਦਾ ਕੀ ਕਾਰਨ ਜਾਂ ਮਕਸਦ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨਾਲ ਕੀਤੀਆਂ ਮੀਟਿੰਗਾਂ ਵਿੱਚ ਪ੍ਰਸ਼ਾਸਨ ਨੇ ਮੰਨਿਆ ਕਿ ਪਿੰਡਾਂ ਵਿੱਚ ਇਹ ਸਰਵੇਖਣ ਹੁਣ ਨਹੀਂ ਕੀਤੇ ਜਾਣਗੇ ਪਰ ਫਿਰ ਪਿੰਡਾਂ ਵਿੱਚ ਰਾਤ ਸਮੇਂ ਡਰੋਨਾਂ ਰਾਹੀਂ ਸਰਵੇਖਣ ਕਰਵਾਏ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਸਰਵੇਖਣ ਦੀ ਆੜ ਵਿੱਚ ਉਨ੍ਹਾਂ ਦੀਆਂ ਕੀਮਤੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਜਾਂ ਸਰਕਾਰੀ ਪ੍ਰਾਜੈਕਟਾਂ ਲਈ ਐਕਵਾਇਰ ਕੀਤਾ ਜਾ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਬੀ ਕੇ ਯੂ ਸਿੱਧੂਪੁਰ ਪਿੰਡਾਂ ਦੀਆਂ ਜ਼ਮੀਨਾਂ ‘ਤੇ ਸਰਕਾਰੀ ਕਬਜ਼ੇ ਤੇ ਬੇਲੋੜੀ ਐਕਵਾਇਰ ਪ੍ਰਕਿਰਿਆ ਨੂੰ ਰੋਕਣ ਲਈ ਪੰਚਾਇਤਾਂ ਨੂੰ ਗ੍ਰਾਮ ਸਭਾ ਵਿੱਚ ਮਤੇ ਪਾਉਣ ਲਈ ਲਾਮਬੰਦ ਕਰੇਗੀ। ਗ੍ਰਾਮ ਸਭਾ ਦੇ ਇਨ੍ਹਾਂ ਮਤਿਆਂ ਰਾਹੀਂ ਕਾਨੂੰਨੀ ਤੌਰ ‘ਤੇ ਪਿੰਡ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਲਏ ਜਾਣ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਕਾਕਾ ਸਿੰਘ ਕੋਟੜਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਰਵੇਖਣ ਤੋਂ ਘਬਰਾਉਣ ਦੀ ਬਜਾਏ ਇੱਕਜੁੱਟ ਹੋਣ। ਉਨ੍ਹਾਂ ਕਿਹਾ ਕਿ ਜਥੇਬੰਦੀ ਹਰ ਪਿੰਡ ਦੀ ਪੰਚਾਇਤ ਤੱਕ ਪਹੁੰਚ ਕਰਕੇ ਗ੍ਰਾਮ ਸਭਾਵਾਂ ਦੇ ਵਿਸ਼ੇਸ਼ ਇਜਲਾਸ ਸੱਦਣ ਲਈ ਪ੍ਰੇਰਿਤ ਕਰੇਗੀ । ਇਸ ਮੌਕੇ ਵੱਖ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ ਤੇ ਸਥਾਨਕ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ।

