ਪਰਾਲੀ ਦੇ ਮਾੜੇ ਪ੍ਰਬੰਧਨ ਖ਼ਿਲਾਫ਼ ਚੁਕੇਰੀਆਂ ’ਚ ਰੈਲੀ
ਕਿਸਾਨਾਂ ਨੇ ਸਰਕਾਰ ’ਤੇ ਪਰਾਲੀ ਪ੍ਰਬੰਧਨ ’ਚ ਫੇਲ੍ਹ ਹੋਣ ਦੇ ਦੋਸ਼ ਲਾਏ
ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਰਾਲੀ ਪ੍ਰਬੰਧਨ ਮਾਮਲੇ ਸਬੰਧੀ ਪਿੰਡ ਚੁਕੇਰੀਆਂ ਵਿੱਚ ਰੋਸ ਰੈਲੀ ਕੀਤੀ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪਰਾਲੀ ਪ੍ਰਬੰਧਨ ਦੀ ਜ਼ਿੰਮੇਵਾਰੀ ਤੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਭੱਜੀ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਪਰਾਲੀ ਦੀਆਂ ਗੱਠਾਂ ਨਾ ਚੁੱਕਣ ਕਾਰਨ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਲਗਪਗ ਅੱਧਾ ਝੋਨਾ ਵੱਢਿਆ ਗਿਆ ਹੈ ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਰਾਲੀ ਦੇ ਪ੍ਰਬੰਧਨ ਲਈ ਨਾ ਤਾਂ ਕਿਸਾਨਾਂ ਨੂੰ ਸਰਕਾਰ ਨੇ ਮਸ਼ੀਨਰੀ ਮੁਹੱਈਆ ਕਰਵਾਈ ਹੈ ਅਤੇ ਨਾ ਹੀ ਕੋਈ ਨਗਦ ਮੁਆਵਜ਼ਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡਾਂ ਵਿੱਚ ਬੇਲਰਾਂ ਨੇ ਪਰਾਲ਼ੀ ਦੀਆਂ ਗੱਠਾਂ ਬਣਾਈਆਂ ਹਨ, ਉਹ ਵੀ ਕਿਸਾਨਾਂ ਤੋਂ 1000 ਜਾਂ 1500 ਰੁਪਏ ਦਿੱਤੇ ਬਿਨਾਂ ਗੱਠਾਂ ਚੁੱਕਣ ਤੋਂ ਇਨਕਾਰੀ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਜੇਕਰ ਕਿਸਾਨ, ਕਣਕ ਦੀ ਬਿਜਾਈ 15 ਨਵੰਬਰ ਤੱਕ ਕਣਕ ਨਾ ਬੀਜੀ ਗਈ ਤਾਂ ਹਰ ਹਫਤੇ ਡੇਢ ਕੁਇੰਟਲ ਪ੍ਰਤੀ ਏਕੜ ਝਾੜ ਘਟਣ ਦਾ ਖ਼ਦਸ਼ਾ ਹੈ ਪਰ ਸਰਕਾਰ ਅਤੇ ਉਸਦੀਆਂ ਏਜੰਸੀਆਂ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਜਥੇਬੰਦੀ ਨੇ ਕਿਹਾ ਕਿ ਮਸ਼ੀਨਰੀ ਅਤੇ ਮੁਆਵਜ਼ੇ ਦੀ ਅਣਹੋਂਦ ਵਿੱਚ ਕਿਸਾਨਾਂ ਦੇ ਖਿਲਾਫ਼ ਕੀਤੀ ਗਈ ਕਿਸੇ ਵੀ ਕਾਰਵਾਈ ਦਾ ਜਥੇਬੰਦੀ ਡੱਟਵਾਂ ਵਿਰੋਧ ਕਰੇਗੀ।

