ਪੱਤਰ ਪ੍ਰੇਰਕ
ਨਥਾਣਾ, 4 ਦਸੰਬਰ
ਸੰਗਰੂਰ ਵਿੱਚ ਮਜ਼ਦੂਰਾਂ ‘ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਸੀਪੀਆਈ (ਲਿਬਰੇਸ਼ਨ) ਨੇ ਅੱਜ ਪਿੰਡ ਪੂਹਲਾ, ਪੂਹਲੀ, ਸੇਮਾ ਅਤੇ ਨਥਾਣਾ ਵਿੱਚ ਰੋਸ ਰੈਲੀਆਂ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕੀ। ਇਸ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਹਰਵਿੰਦਰ ਸਿੰਘ ਸੇਮਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜਸਵੰਤ ਸਿੰਘ ਪੂਹਲੀ ਨੇ ਵੱਖ-ਵੱਖ ਥਾਵਾਂ ‘ਤੇ ਕਿਹਾ ਕਿ ਮਜ਼ਦੂਰਾਂ ‘ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਨਾਲ ਭਗਵੰਤ ਮਾਨ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਮਜ਼ਦੂਰਾਂ ਦੇ ਮਸਲਿਆਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ। ਆਗੂਆਂ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਵਿਧਾਨ ਸਭਾ ਚੋਣਾਂ ਸਮੇਂ ਭਗਵੰਤ ਮਾਨ ਇਹ ਭਰੋਸਾ ਦੇ ਰਹੇ ਸਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਕਿਸੇ ਵੀ ਧਿਰ ਨੂੰ ਧਰਨੇ ਦੇਣ ਦੀ ਲੋੜ ਨਹੀਂ ਪਵੇਗੀ, ਪਰ ਹੁਣ ਹਰ ਪਾਸੇ ਧਰਨੇ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਧਰਨੇ ਲਾ ਕੇ ਰਾਜ ਸੱਤਾ ‘ਤੇ ਕਾਬਜ਼ ਹੋਈ ਪਾਰਟੀ ਧਰਨਾਕਾਰੀਆਂ ‘ਤੇ ਲਾਠੀਚਾਰਜ ਕਰਵਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਇਸ ਮੌਕੇ ਰਾਜ ਸਿੰਘ, ਗੋਲਾ ਸਿੰਘ, ਡੋਗਰ ਸਿੰਘ, ਆਤਮਾ ਸਿੰੰਘ, ਮਨਜੀਤ ਕੌਰ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ।