ਇਥੇ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਾਵੇਂ ਸਿਆਸਤ ਤਾਂ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਪਰ ਮਸਲਾ 7 ਦਿਨ ਬਾਅਦ ਵੀ ਵਿਚਾਲੇ ਲਟਕ ਰਿਹਾ ਹੈ। ਲੋਕਾਂ ਨੂੰ ਹਾਲੇ ਤੱਕ ਗੰਦੇ ਪਾਣੀ ਵਿਚੋਂ ਹੀ ਲੰਘਣਾ ਪੈ ਰਿਹਾ ਹੈ ਤੇ ਪ੍ਰਸ਼ਾਸਨ ਨਿਕਾਸੀ ਦਾ ਪ੍ਰਬੰਧ ਕਰਨ ਦੀ ਥਾਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਰੇੜਕੇ ਕਰਕੇ ਮਸਲਾ ਹੋਰ ਲਮਕਾ ਰਿਹਾ ਹੈ।
ਪਿਛਲੇ ਹਫ਼ਤੇ ਵਿੱਚ ਦੋ ਤਿੰਨ ਦਿਨ ਲਗਾਤਾਰ ਰੁਕ-ਰੁਕ ਦੇ ਹੋਈ ਬਰਸਾਤ ਨੇ ਪੂਰੇ ਸ਼ਹਿਰ ਨੂੰ ਜਲਥਲ ਕੀਤਾ ਸੀ। ਖਾਸ ਕਰਕੇ ਪੁਰਾਣੇ ਸ਼ਹਿਰ ਵਾਲੇ ਹਿੱਸੇ, ਜੈਤੋ ਚੁੰਗੀ, ਬੱਤੀਆਂ ਵਾਲੇ ਚੌਕ ਤੋਂ ਬੱਸ ਸਟੈਂਡ ਤੱਕ ਦੇ ਨਾਲ ਲੱਗਦੇ ਕੁਝ ਹਿੱਸਿਆਂ ਦੀਆਂ ਮੁੱਖ ਸੜਕਾਂ ਅਤੇ ਗਲੀਆਂ ਵਿੱਚ ਮੀਂਹ ਦਾ ਪਾਣੀ ਹਾਲੇ ਵੀ ਖੜ੍ਹਾ ਹੈ। ਜੈਤੋ ਚੁੰਗੀ ਨਿਵਾਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਸਥਿਤੀ ਹਰੇਕ ਸਾਲ ਹੁੰਦੀ ਹੈ, ਪਰ ਇਸ ਵਾਰੀ ਕੁਝ ਜ਼ਿਆਦਾ ਹੀ ਮਾੜਾ ਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਨਿਕਾਸੀ ਨਾਲੇ ਦੇ ਨਾਲ ਕੂੜੇ ਦਾ ਢੇਰ ਲੱਗਾ ਹੈ ਤੇ ਮੀਂਹ ਪੈਣ ’ਤੇ ਕੂੜਾ ਨਾਲੇ ਵਿੱਚ ਚਲਾ ਜਾਂਦਾ ਹੈ ਅਤੇ ਫਿਰ ਪਾਣੀ ਉਛੱਲ ਕੇ ਸੜਕਾਂ ਉਪਰ ਆ ਜਾਂਦਾ ਹੈ। ਦਰਸ਼ਨ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ 7 ਦਿਨਾਂ ਤੋਂ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਸੜਕਾਂ ਉਪਰ ਹਾਲੇ ਵੀ ਉਸੇ ਤਰ੍ਹਾਂ ਪਾਣੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਲਾਗਲੇ ਘਰਾਂ ਵਿੱਚ ਅਤੇ ਨਾਲੀਆਂ ਦੇ ਇਸ ਪਾਣੀ ਕਰਕੇ ਬਦਬੂ ਫੈਲ ਰਹੀ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਧਰ ਜ਼ਿਲ੍ਹਾ ਪ੍ਰਸਾਸ਼ਨ ਨੇ ਨਿਕਾਸੀ ਪਾਣੀ ਅਤੇ ਸਫਾਈ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਵਿੱਚ ਕੌਂਸਲ ਨੂੰ ਤਾਲਾ ਲਗਾ ਦੇਣ ਕਰਕੇ ਪੈਦਾ ਹੋਏ ਰੇੜਕੇ ਨੂੰ ਹਾਲੇ ਤੱਕ ਹੱਲ ਨਹੀਂ ਕੀਤਾ ਅਤੇ ਦੋ ਦਿਨਾਂ ਤੋਂ ਮੀਟਿੰਗ ਦੀਆਂ ਤਰੀਕਾਂ ਦਿੱਤੀਆਂ ਜਾ ਰਹੀਆਂ ਹਨ।
ਦੋ ਪੜਾਵਾਂ ’ਚ ਹੱਲ ਕਰਾਂਗੇ ਸਮੱਸਿਆ: ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਨਿਕਾਸੀ ਪਾਣੀ ਦੀ ਸਮੱਸਿਆ ਦਾ ਹੱਲ ਦੋ ਪੜਾਵਾਂ ਵਿੱਚ ਕੀਤਾ ਜਾ ਰਿਹਾ ਹੈ। ਇੱਕ ਪਾਸੇ ਨਿਕਾਸੀ ਨਾਲੇ ਦੀ ਸਫਾਈ ਅਤੇ ਦੂਜੇ ਹਿੱਸੇ ਵਿੱਚ ਮੋਟਰਾਂ ਰਾਹੀਂ ਪਾਣੀ ਚੁੱਕਿਆ ਜਾ ਰਿਹਾ ਹੈ।