ਜੋਗਿੰਦਰ ਸਿੰਘ ਮਾਨ
ਮਾਨਸਾ, 15 ਸਤੰਬਰ
ਮਾਲਵਾ ਖੇਤਰ ਦੇ ਕੁੱਝ ਇਲਾਕਿਆਂ ਵਿੱਚ ਅੱਜ ਪਏ ਹਲਕੇ ਮੀਂਹ ਨਾਲ ਲੰਬੇ ਸਮੇਂ ਦੀ ਔੜ ਖ਼ਤਮ ਹੋ ਗਈ ਹੈ। ਇਲਾਕੇ ਵਿੱਚ ਮੀਂਹ ਨਾ ਪੈਣ ਕਾਰਨ ਲੋਕ ਅਤਿ ਦੀ ਹੁੰਮਸ ਵਾਲੀ ਗਰਮੀ ਤੋਂ ਪ੍ਰੇਸ਼ਾਨ ਸਨ। ਇਸ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਨਰਮੇ ਦੀ ਅਗੇਤੀ ਚੁਗਾਈ ਦਾ ਕਾਰਜ ਠੱਲ੍ਹ ਦਿੱਤਾ ਹੈ। ਨਰਮੇ ਦਾ ਚੰਗਾ ਭਾਅ ਹੋਣ ਕਾਰਨ ਕਿਸਾਨ ਖਿੜ੍ਹੇ ਹੋਏ ਨਰਮੇ ਦੀਆਂ ਫੁੱਟੀਆਂ ਫੜਨ ਵਿਚ ਐਂਤਕੀ ਕਾਹਲ ਕਰ ਰਿਹਾ ਹੈ। ਬਾਜ਼ਾਰ ਵਿਚ ਪੈਸੇ ਦੀ ਤੋਟ ਕਾਰਨ ਕਿਸਾਨ ਨਰਮੇ ਦੀਆਂ ਛੋਟੀਆਂ-ਛੋਟੀਆਂ ਢੇਰੀਆਂ ਮੰਡੀਆਂ ਵਿਚ ਵੇਚ ਕੇ ਕਬੀਲਦਾਰੀ ਚਲਾਉਣ ਦਾ ਜੁਗਾੜ ਕਰ ਰਹੇ ਹਨ। ਇਸ ਮੀਂਹ ਨੂੰ ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ।
ਅੱਜ ਸਵੇਰ ਆਏ ਇਸ ਮੀਂਹ ਨੇ ਖੇਤਾਂ ਵਿਚ ਨਰਮਾ ਚੁਗਦੇ ਮਜ਼ਦੂਰਾਂ ਦਾ ਕੰਮ ਬੰਦ ਕਰਵਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਇਹ ਮੀਂਹ ਜ਼ਿਆਦਾ ਹੈ, ਉੱਥੇ ਭਿੱਜੇ ਹੋਏ ਨਰਮੇ ਨੂੰ ਭਲਕ ਤੱਕ ਵੀ ਚੁਗਿਆ ਨਹੀਂ ਜਾ ਸਕਣਾ ਹੈ।
ਇਸ ਮੀਂਹ ਕਾਰਨ ਅਗੇਤੇ ਨਰਮੇ ਦੇ ਬੂਟੇ ਭਾਰ ਕਾਰਨ ਭੁੰਜੇ ਲਟਕ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਖਿੜੇ ਨਰਮੇ ਦੇ ਫੁੱਟ ਭਿੱਜ ਕੇ ਭਾਰੀ ਹੋ ਜਾਂਦੇ ਹਨ, ਜੋ ਨਰਮੇ ਦੇ ਬੂਟੇ ਨੂੰ ਥੱਲੇ ਝੁਕਆ ਦਿੰਦੇ ਹਨ। ਇਸੇ ਦੌਰਾਨ ਇਸ ਮੀਂਹ ਝੋਨੇ, ਬਾਸਮਤੀ ਸਣੇ ਸਾਉਣੀਆਂ ਹੋਰ ਫ਼ਸਲਾਂ ਲਈ ਲਾਭਦਾਇਕ ਮੰਨਿਆ ਜਾ ਰਿਹਾ ਹੈ।
ਪੀਏਯੂ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਕਿਹਾ ਕਿ ਮੀਂਹ ਨਾ ਪੈਣ ਕਾਰਨ ਅਤੇ ਜ਼ਿਆਦਾ ਗਰਮੀ ਪੈਣ ਕਾਰਨ ਨਰਮੇ, ਝੋਨੇ ਸਣੇ ਪਸ਼ੂਆਂ ਦਾ ਹਰੇ-ਚਾਰੇ ਅਤੇ ਸਬਜ਼ੀਆਂ ਦਾ ਦੁਪਹਿਰ ਵੇਲੇ ਬੁਰਾ ਹਾਲ ਹੋ ਜਾਂਦਾ ਸੀ, ਪਰ ਇਸ ਮੀਂਹ ਅਤੇ ਇਸ ਨਾਲ ਹੋਈ ਠੰਢ ਨੇ ਫ਼ਸਲਾਂ ਦਾ ਰੰਗ-ਰੂਪ ਨਿਖਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਝੋਨੇ ਉਤੇ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ ਦਾ ਹਮਲਾ ਆਪਣੇ-ਆਪ ਮੀਂਹ ਪੈਣ ਨਾਲ ਖ਼ਤਮ ਹੋ ਜਾਂਦਾ ਹੈ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਤੇ ਭਾਦੋਂ ਦਾ ਮਹੀਨਾ ਸੁੱਕਾ ਲੰਘਣ ਕਾਰਨ ਸਾਉਣੀ ਦੀਆਂ ਫ਼ਸਲਾਂ ਮੀਂਹ ਤੋਂ ਬਿਨਾ ਗਰਮੀ ਦੀ ਜਕੜ ’ਚ ਖੜ੍ਹੀਆਂ ਸਨ, ਪਰ ਅੱਜ ਪਏ ਮੀਂਹ ਨੇ ਨਰਮੇ, ਝੋਨੇ ਸਣੇ ਹੋਰ ਫ਼ਸਲਾਂ ਦੇ ਵਾਰੇ-ਨਿਆਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਰਮੇ ਤੇ ਹੋਰ ਫ਼ਸਲਾਂ ਨੂੰ ਮੀਂਹ ਦੀ ਲੋੜ ਹੈ, ਮੀਂਹ ਨਾਲ ਝੋਨੇ ’ਤੇ ਪੱਤਾ ਲਪੇਟ ਸੁੰਡੀ ਦਾ ਹਮਲੇ ਨੂੰ ਠੱਲ੍ਹ ਪਵੇਗੀ।