Rain Delays Early Cotton Picking: ਮੀਂਹ ਕਾਰਨ ਨਰਮੇ ਦੀ ਚੁਗਾਈ ਦਾ ਕੰਮ ਰੁਕਿਆ
ਮਾਨਸਾ ਦੇ ਬਾਜ਼ਾਰਾਂ ਵਿੱਚ ਪਾਣੀ ਭਰਿਆ
ਮੀਂਹ ਨੇ ਇਲਾਕੇ ਵਿਚ ਨਰਮੇ ਦੀ ਅਗੇਤੀ ਚੁਗਾਈ ਦਾ ਕਾਰਜ ਠੱਲ ਦਿੱਤਾ ਹੈ। ਇਸ ਮੀਂਹ ਨੂੰ ਖੇਤੀ ਵਿਭਾਗ ਦੇ ਮਾਹਿਰ ਕਿਸਾਨਾਂ ਲਈ ਚੰਗਾ ਦੱਸ ਰਹੇ ਹਨ, ਪਰ ਕਿਸਾਨ ਇਸ ਤੋਂ ਡਰਨ ਲੱਗੇ ਹਨ। ਅੱਜ ਦੁਪਹਿਰ ਆਏ ਮੀਂਹ ਨੇ ਖੇਤਾਂ ਵਿਚ ਨਰਮਾ ਚੁੱਗਦੇ ਮਜ਼ਦੂਰਾਂ ਦਾ ਕੰਮ ਬੰਦ ਕਰਵਾ ਦਿੱਤਾ ਹੈ।
ਇਸ ਮੀਂਹ ਸਦਕਾ ਅਗੇਤੇ ਨਰਮੇ ਦੇ ਬੂਟੇ ਭਾਰ ਕਾਰਨ ਭੁੰਜੇ ਲਟਕ ਗਏ ਹਨ। ਅਨੇਕਾਂ ਥਾਵਾਂ ’ਤੇ ਨਰਮੇ ਦੇ ਬੂਟੇ ਟੇਢੇ ਹੋ ਗਏ ਹਨ, ਜਿਨ੍ਹਾਂ ਦੀਆਂ ਜੜ੍ਹਾਂ ਹਿੱਲਣ ਦਾ ਡਰ ਕਿਸਾਨਾਂ ਨੂੰ ਖਾਣ ਲੱਗਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਨਰਮੇ ਦੀ ਫ਼ਸਲ ਨੂੰ ਮੀਂਹਾਂ ਦਾ ਨੁਕਸਾਨ ਹੋ ਸਕਦਾ ਹੈ। ਖੇਤੀ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਵੇਲੇ ਬੀ ਟੀ ਨਰਮੇ ਦੀ ਫ਼ਸਲ ਨੂੰ ਜਿੰਨੀ ਤੇਜ਼ ਧੁੱਪ ਲੱਗੇਗੀ, ਉਨਾ ਹੀ ਇਹ ਨਰਮਾ ਛੇਤੀ ਖਿੜੇਗਾ।
ਖੇਤੀਬਾੜੀ ਵਿਭਾਗ ਮਾਨਸਾ ਦੇ ਜ਼ਿਲ੍ਹਾ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜਕੱਲ੍ਹ ਦਿਨ ਵੇਲੇ ਤੇਜ਼ ਧੁੱਪਾਂ ਹੀ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੇ ਪਕਾਅ ਲਈ ਲਾਹੇਵੰਦ ਮੰਨੀਆਂ ਜਾਂਦੀਆਂ ਹਨ। ਇਸੇ ਦੌਰਾਨ ਅੱਜ ਦੁਪਹਿਰ ਨੂੰ ਅਚਾਨਕ ਆਏ ਮੀਂਹ ਕਾਰਨ ਮਾਨਸਾ ਦੇ ਮੁੱਖ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਸਮੇਂ ਸਕੂਲਾਂ ’ਚ ਹੋਈ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਬਾਜ਼ਾਰ ’ਚ ਖੜ੍ਹੇ ਪਾਣੀ ਵਿੱਚੋਂ ਦੀ ਲੰਘਣਾ ਪਿਆ। ਬਹੁਤੇ ਦੁਕਾਨਦਾਰ ਬਾਜ਼ਾਰ ’ਚ ਪਾਣੀ ਭਰਨ ਕਾਰਨ ਸਮੇਂ ਤੋਂ ਪਹਿਲਾਂ ਹੀ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ।

