ਸ਼ਗਨ ਕਟਾਰੀਆ
ਬਠਿੰਡਾ, 21 ਸਤੰਬਰ
ਪੰਜਾਬ ਪੁਲੀਸ ਵੱਲੋਂ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦੇ ਸਮਰਥਕਾਂ ਦੀ ਪੜਤਾਲ ਲਈ ਅੱਜ ਪੰਜਾਬ ਭਰ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ਅੰਦਰ 81 ਸ਼ੱਕੀ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਜ਼ਿਲ੍ਹਾ ਪੁਲੀਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਕੰਮ ਲਈ ਪੁਲੀਸ ਦੀਆਂ 30 ਟੀਮਾਂ ਬਣਾਈਆਂ ਗਈਆਂ ਸਨ ਅਤੇ ਟੀਮਾਂ ਵਿੱਚ ਕਰੀਬ 350 ਪੁਲੀਸ ਮੁਲਾਜ਼ਮ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਸਰਚ ਅਪ੍ਰੇਸ਼ਨ ਦੀ ਪ੍ਰਾਪਤੀ ਬਾਰੇ ਬਾਅਦ ਵਿਚ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਸਮਰਥਕਾਂ ਦੇ ਫ਼ੋਨ ਖੰਘਾਲ ਕੇ ਪਤਾ ਲਾਉਣ ਦਾ ਯਤਨ ਕੀਤਾ ਗਿਆ ਕਿ ਉਨ੍ਹਾਂ ਦੀ ਕਿਸੇ ਗ਼ੈਰ ਸਮਾਜੀ ਅਨਸਰ ਨਾਲ ਕੋਈ ਗੱਲਬਾਤ ਤਾਂ ਨਹੀਂ ਹੋਈ। ਉਨ੍ਹਾਂ ਇਤਰਾਜ਼ਯੋਗ ਕਿਸੇ ਵੀ ਵਸਤੂ ਦੀ ਬਰਾਮਦਗੀ ਜਾਂ ਫ਼ੋਨ ਕਬਜ਼ੇ ਵਿਚ ਲੈਣ ਤੋਂ ਇਨਕਾਰ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਪੁਲੀਸ ਵੱਲੋਂ ਸੂਬੇ ਭਰ ’ਚ ਗੈਂਗਸਟਰਾਂ ਨਾਲ ਸਬੰਧਤ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਮੁਹਿੰਮ ਤਹਿਤ ਮੋਗਾ ਪੁਲੀਸ ਵੱਲੋਂ ਕਰੀਬ 78 ਮੁਲਜ਼ਮਾਂ ਦੇ ਘਰਾਂ ’ਚ ਛਾਪੇ ਮਾਰੇ ਗਏ। ਪੁਲੀਸ ਦਾ ਮੰਨਣਾ ਹੈ ਕਿ ਗੋਲਡੀ ਬਰਾੜ ਤੇ ਹੋਰ ਗੈਂਗਸਟਰਾਂ ਨਾਲ ਸੰਪਰਕ ’ਚ ਰਹਿਣ ਵਾਲੇ ਮੁਲਜ਼ਮਾਂ ਦੇ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਜੇ ਐਲਨਚੇਜ਼ੀਅਨ ਨੇ ਕਿਹਾ ਕਿ ਇਹ ਅਪਰੇਸ਼ਨ ਪੂਰੇ ਪੰਜਾਬ ਵਿਚ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿਚ ਕਰੀਬ 78 ਥਾਵਾਂ ’ਤੇ ਤਲਾਸ਼ੀ ਲਈ ਗਈ ਹੈ। ਪੰਜਾਬ ਪੁਲੀਸ ਦੀਆਂ ਟੀਮਾਂ ਗੈਂਗਸਟਰਾਂ ਨਾਲ ਕਥਿਤ ਸੰਪਰਕ ਵਾਲੇ ਮੁਲਜ਼ਮਾਂ ਉੱਤੇ ਛਾਪੇਮਾਰੀ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਪੰਜਾਬ ਪੁਲੀਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੀ ਸੂਹ ਲਈ ਛਾਪੇਮਾਰੀ ਕੀਤੀ ਗਈ ਹੈ। ਇਹ ਸਰਚ ਅਪਰੇਸ਼ਨ ਸਵੇਰੇ ਕਰੀਬ ਸੱਤ ਵਜੇ ਸ਼ੁਰੂ ਹੋਇਆ ਅਤੇ ਸ਼ਾਮ 3 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਮੋਗਾ ਪੁਲੀਸ ਨੇ ਫ਼ਿਰੌਤੀ, ਲੁੱਟਖੋਹ ਆਦਿ ਸੰਗੀਨ ਜੁਰਮਾਂ ਵਿਚ ਜ਼ਮਾਨਤ ਉੱਤੇ ਬਾਹਰ ਆਏ ਮੁਲਜ਼ਮਾਂ ਦੀ ਵੀ ਪੜਤਾਲ ਕੀਤੀ। ਪੁਲੀਸ ਮੁਤਾਬਕ ਗੋਲਡੀ ਬਰਾੜ ਵੱਲੋਂ ਵਿਦੇਸ਼ ਵਿਚੋਂ ਲਾਰੈਂਸ ਬਿਸ਼ਨੋਈ ਦੇ ਨੈਟਵਰਕ ਨੂੰ ਫੈਲਾਉਣ, ਹਥਿਆਰਾਂ ਦੀ ਤਸਕਰੀ, ਵਸੂਲੀ ਤੇ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਮਰਹੂਮ ਗੈਂਗਸਟਰ ਵਿੱਕੀ ਗੌਂਡਰ ਦੇ ਘਰ ਪੁੱਜੀ ਪੁਲੀਸ
ਲੰਬੀ (ਇਕਬਾਲ ਸਿੰਘ ਸ਼ਾਂਤ): ਲੰਬੀ ਸਬ ਡਿਵੀਜ਼ਨ ਪੁਲੀਸ ਨੇ ਮਰਹੂਮ ਗੈਂਗਸਟਰ ਵਿੱਕੀ ਗੌਂਡਰ ਦੇ ਘਰ ਸਮੇਤ ਤਿੰਨ ਘਰਾਂ ਵਿਖੇ ਦਸਤਕ ਦਿੱਤੀ। ਡੀਐੱਸਪੀ ਜਸਪਾਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਪੁਲੀਸ ਲੰਬੀ ਹਲਕੇ ਦੇ ਪਿੰਡ ਸਰਾਵਾਂ ਬੋਦਲਾ ਵਿੱਚ ਮਰਹੂਮ ਗੈਂਗਸਟਰ ਵਿੱਕੀ ਗੌਂਡਰ ਦੇ ਘਰ ਗਈ। ਜ਼ਿਕਰਯੋਗ ਹੈ ਕਿ 26 ਜਨਵਰੀ 2018 ਨੂੰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਪ੍ਰੇਮ ਲਾਹੌਰੀਆ ਦਾ ਪੁਲੀਸ ਨੇ ਐਨਕਾਊਂਟਰ ਕਰ ਦਿੱਤਾ ਸੀ। ਡੀ.ਐੱਸ.ਪੀ. ਜਸਪਾਲ ਸਿੰਘ ਨੇ ਦੱਸਿਆ ਕਿ ਵਿੱਕੀ ਗੌਂਡਰ ਦੇ ਘਰ ਵਿਖੇ ਮੌਜੂਦ ਉਸ ਦੀ ਮਾਤਾ ਨਾਲ ਗੱਲਬਾਤ ਕੀਤੀ ਅਤੇ ਅਤੇ ਉਥੇ ਆਉਣ-ਜਾਣ ਵਾਲੇ ਲੋਕਾਂ ਸਬੰਧੀ ਜਾਣਕਾਰੀ ਲਈ ਗਈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਬੰਦ ਪ੍ਰੇਮ ਦੇ ਘਰ ਮੰਡੀ ਕਿੱਲਿਆਂਵਾਲੀ ਅਤੇ ਜੇਲ੍ਹ ਵਿਚ ਬੰਦ ਪਿੰਡ ਚੰਨੂੰ ਦੇ ਘਰ ਜਗਦੀਸ਼ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਮੌਕੇ ਆਮਦਨ ਦੇ ਜ਼ਰੀਏ ਅਤੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ।