Punjab News: ਨਸਰਾਲੀ ਲਾਗੇ ਨਵੇਂ ਬਣੇ ਨਹਿਰੀ ਸੂਏ ਵਿੱਚ ਪਿਆ ਦੂਜੀ ਵਾਰ ਪਾੜ; 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਤਬਾਹ
Punjab News: ਭਾਵੇਂ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਫ਼ਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਖੇਤਾਂ ਨੂੰ ਨਹਿਰੀ ਪਾਣੀ ਦੇਣ ਵਾਸਤੇ ਪੱਕੇ ਸੂਇਆਂ ਦਾ ਜਾਲ ਵਿਛਾਇਆ ਗਿਆ ਹੈ, ਪਰ ਪਿੰਡ ਨਸਰਾਲੀ ਲਾਗੇ ਇੱਕ ਹੀ ਜਗ੍ਹਾ ਤੋਂ ਦੂਜੀ...
Punjab News: ਭਾਵੇਂ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਫ਼ਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਖੇਤਾਂ ਨੂੰ ਨਹਿਰੀ ਪਾਣੀ ਦੇਣ ਵਾਸਤੇ ਪੱਕੇ ਸੂਇਆਂ ਦਾ ਜਾਲ ਵਿਛਾਇਆ ਗਿਆ ਹੈ, ਪਰ ਪਿੰਡ ਨਸਰਾਲੀ ਲਾਗੇ ਇੱਕ ਹੀ ਜਗ੍ਹਾ ਤੋਂ ਦੂਜੀ ਵਾਰ ਸੂਆਂ ਟੁੱਟਣ ਕਾਰਨ ਕਿਸਾਨਾਂ ਦੀ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਚੁੱਕੀ ਹੈ। ਇਸ ਹਾਦਸੇ ਕਾਰਨ ਨਹਿਰੀ ਮਹਿਕਮੇ ਅਤੇ ਠੇਕੇਦਾਰ ਵੱਲੋਂ ਸੂਆ ਪੱਕਾ ਕਰਨ ਸਮੇਂ ਵਰਤੇ ਗਏ ਮਟੀਰੀਅਲ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ।
ਮਾਸਟਰ ਜਸਵੰਤ ਸਿੰਘ ਨਸਰਾਲੀ ਨੇ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਦੇਣਾ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਹੈ, ਪਰ ਸੂਏ ਦਾ ਵਾਰ-ਵਾਰ ਟੁੱਟਣਾ ਵੀ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਨਹਿਰੀ ਪਾਣੀ ਨਾਲ ਝੋਨੇ ਦੀ ਫ਼ਸਲ ਦੇ ਹੋਏ ਇਸ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਤਿਆਰ ਪਨੀਰੀ ਨਹਿਰੀ ਪਾਣੀ ਵਿੱਚ ਡੁੱਬਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।
ਕਿਸਾਨ ਜਸਵੀਰ ਸਿੰਘ ਜੱਸੀ, ਜਿੰਦਰ ਸਿੰਘ ਪੁਆਦੜ੍ਹਾ, ਲਖਵੀਰ ਸਿੰਘ ਲੱਖੀ, ਦਿਲਪ੍ਰੀਤ ਸਿੰਘ ਬੈਦਵਾਨ ਅਤੇ ਬਿੱਲਾ ਈਸੜੂ ਨੇ ਦੱਸਿਆ ਕਿ ਸੂਆ ਟੁੱਟਣ ਕਾਰਨ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ।
ਇਸ ਕਾਰਨ ਹੁਣ ਖੇਤਾਂ ਵਿੱਚ ਖਾਦ, ਦਵਾਈ, ਪਨੀਰੀ, ਝੋਨੇ ਦੀ ਲਵਾਈ, ਟਰੈਕਟਰ ਨਾਲ ਕੱਦੂ ਕਰਨ ਅਤੇ ਡੀਜ਼ਲ ਆਦਿ ਦਾ ਦੁਬਾਰਾ ਖ਼ਰਚਾ ਹੋਣਾ ਤੈਅ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸੂਆ ਟੁੱਟਣ ਦਾ ਮੁੱਖ ਕਾਰਨ ਤੰਗ ਮੋਘਾ ਹੈ, ਕਿਉਂਕਿ ਪਿੱਛੋਂ ਸੂਏ ਵਿੱਚ ਆ ਰਹੇ ਪਾਣੀ ਦਾ ਵਹਾਅ ਤੇਜ਼ ਹੈ ਅਤੇ ਪਾਣੀ ਵੀ ਖੁੱਲ੍ਹਾ ਆ ਰਿਹਾ ਹੈ, ਜਿਸ ਕਾਰਨ ਇਸੇ ਜਗ੍ਹਾ ਤੋਂ ਸੂਆ ਦੂਜੀ ਵਾਰ ਟੁੱਟਿਆ ਹੈ। ਮਾਸਟਰ ਜਸਵੰਤ ਸਿੰਘ ਨਸਰਾਲੀ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਹਾਕਮ ਸਿੰਘ ਨਸਰਾਲੀ ਅਤੇ ਹੋਰ ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਵਾਰ-ਵਾਰ ਟੁੱਟ ਰਹੇ ਸੂਏ ਦਾ ਕੋਈ ਪੱਕਾ ਬੰਦੋਬਸਤ ਕੀਤਾ ਜਾਵੇ।
