Punjab Floods: ਪਿੰਡ ਟਾਹਲੀ ਵਾਲਾ ਬੋਦਲਾ ਦੇ ਕਰੀਬ ਤਿੰਨ ਦਰਜਨ ਕਿਸਾਨਾਂ ਨੂੰ ਨਹੀਂ ਮਿਲਿਆ ਫਸਲਾਂ ਦਾ ਮੁਆਵਜ਼ਾ
ਪਟਵਾਰੀ ’ਤੇ ਗਿਰਦਾਵਰੀ ਲਿਖਣ ਲਈ ਪੈਸੇ ਮੰਗਣ ਦੇ ਲਾਏ ਦੋਸ਼; ਪਟਵਾਰੀ ਨੇ ਦੋਸ਼ਾਂ ਨੂੰ ਨਕਾਰਿਆ
ਪਿੰਡ ਟਾਹਲੀ ਵਾਲਾ ਬੋਦਲਾ ਦੇ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਨੂੰ ਬਾਰਿਸ਼ ਦੇ ਪਾਣੀ ਕਾਰਨ ਸੇਮ ਨਾਲੇ ਦੇ ਪਾਣੀ ਦੇ ਓਵਰਫਲੋ ਹੋਣ ਮਗਰੋਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਹੀਂ ਮਿਲਿਆ। ਪੀੜਤ ਕਿਸਾਨਾਂ ਨੇ ਮੁਆਵਜ਼ਾ ਲੈਣ ਲਈ ਕੁਲ ਹਿੰਦ ਕਿਸਾਨ ਸਭਾ ਅਤੇ ਸੀਪੀਆਈ ਆਗੂਆਂ ਤੱਕ ਪਹੁੰਚ ਕੀਤੀ ਹੈ।
ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਨੌਜਵਾਨ ਆਗੂ ਸ਼ੁਬੇਗ ਝੰਗੜਭੈਣੀ, ਭਜਨ ਲਾਲ ਅਤੇ ਹੋਰਾਂ ਵੱਲੋਂ ਅੱਜ ਪਾਣੀ ਨਾਲ ਪ੍ਰਭਾਵਿਤ ਹੋਏ ਰਕਬੇ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਹੱਕ ਨਾ ਦਿੱਤੇ ਜਾਣ ’ਤੇ ਰੋਸ ਜ਼ਾਹਿਰ ਕਰਦਿਆਂ ਸੰਘਰਸ਼ ਕੀਤੇ ਜਾਣ ਦਾ ਐਲਾਨ ਵੀ ਕੀਤਾ।
ਕਿਸਾਨਾਂ ਨੇ ਦੱਸਿਆ ਕਿ ਉਨਾਂ ਦੀ 100 ਫ਼ੀਸਦੀ ਫ਼ਸਲ ਖਰਾਬ ਹੋ ਗਈ ਹੈ ਪਰੰਤੂ ਮਾਲ ਵਿਭਾਗ ਵੱਲੋਂ ਆਈ ਮੁਆਵਜ਼ੇ ਦੀ ਲਿਸਟ ਨੂੰ ਉਹ ਦੇਖ ਕੇ ਉਸ ਵੇਲੇ ਹੈਰਾਨ ਰਹਿ ਗਏ, ਜਦੋਂਕਿ ਲਿਸਟ ਵਿੱਚ ਪ੍ਰਭਾਵਿਤ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਦੇ ਨਾਮ ਹੀ ਨਹੀਂ ਸਨ। ਲਿਸਟ ਵਿੱਚ ਕਈ ਉਨ੍ਹਾਂ ਕਿਸਾਨਾਂ ਦੇ ਵੀ ਨਾਮ ਸ਼ਾਮਲ ਸਨ, ਜਿਨ੍ਹਾਂ ਦੀ ਫ਼ਸਲ ਖਰਾਬ ਨਹੀਂ ਹੋਈ ਅਤੇ ਉਨ੍ਹਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਿਲ ਚੁੱਕੀ ਹੈ।
ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਮੀਨ 70-70 ਹਜ਼ਾਰ ਨੂੰ ਠੇਕੇ ਤੇ ਲੈ ਕੇ ਫ਼ਸਲ ਦੀ ਕਾਸ਼ਤ ਕੀਤੀ ਗਈ ਸੀ। ਅਗਸਤ ਮਹੀਨੇ ਵਿੱਚ ਹੋਈ ਬਰਸਾਤ ਕਾਰਨ ਉਨ੍ਹਾਂ ਦੀ ਫ਼ਸਲ ਵੀ ਖਰਾਬ ਹੋਈ ਅਤੇ ਉਨ੍ਹਾਂ ਨੂੰ 2 ਤੋਂ 3 ਵਾਰ ਇੱਥੇ ਝੋਨਾ ਤੇ ਬਾਸਮਤੀ ਬੀਜਣਾ ਪਿਆ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਫਸਲ ਨਹੀਂ ਹੋਈ।
ਕਿਸਾਨਾਂ ਨੇ ਕਿਹਾ ਕਿ ਮਾਲ ਵਿਭਾਗ ਦੇ ਪਟਵਾਰੀ ਵੱਲੋਂ ਉਨ੍ਹਾਂ ਨੂੰ ਮੁਆਵਜ਼ਾ ਲੈਣ ਲਈ ਦਫ਼ਤਰ ਆ ਕੇ ਮਿਲਣ ਵਾਸਤੇ ਕਿਹਾ ਸੀ ਅਤੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਕਿਸਾਨ ਓਮ ਪ੍ਰਕਾਸ਼, ਹੰਸ ਰਾਜ,ਸਤੀਸ਼ ਕੁਮਾਰ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਰਥਿਕ ਨੁਕਸਾਨ ਝੱਲ ਚੁੱਕੇ ਹਨ। ਉਹ ਅਜਿਹੇ ਵਿੱਚ ਪਟਵਾਰੀ ਦੀ ਜੇਬ ਗਰਮ ਕਰਨ ਤੋਂ ਅਸਮਰੱਥ ਸਨ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੁਆਵਜ਼ੇ ਦੇ ਹੱਕ ਤੋਂ ਵਾਂਝਾ ਕੀਤਾ ਗਿਆ ਹੈ।
ਜਦੋਂ ਇਸ ਸਬੰਧੀ ਪਟਵਾਰੀ ਪ੍ਰਦੀਪ ਕੁਮਾਰ ਦਾ ਪੱਖ ਜਾਣਿਆ ਗਿਆ ਤਾਂ ਉਸ ਨੇ ਕਿਹਾ ਕਿ ਮੁਆਵਜ਼ਾ ਪਟਵਾਰੀ ਦੀ ਰਿਪੋਰਟ ਤੇ ਨਹੀਂ ਆਇਆ। ਖ਼ਰਾਬ ਫਸਲ ਦੀ ਰਿਪੋਰਟ ਖੇਤੀਬਾੜੀ ਵਿਭਾਗ ਦੇ ਏਡੀਓ ਵੱਲੋਂ ਤਿਆਰ ਕੀਤੀ ਗਈ ਹੈ, ਜਦੋਂ ਕਿ ਉਸ ਵੱਲੋਂ ਸਿਰਫ਼ ਜ਼ਮੀਨ ਦਾ ਕਿਲ੍ਹਾ ’ਤੇ ਖਸਰਾ ਨੰਬਰ ਹੀ ਤਸਦੀਕ ਕੀਤਾ ਗਿਆ ਹੈ।

