Punjab DC Office Employees Union: ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਅੱਜ ਤੋਂ ਕੰਮ ਬੰਦ ਰੱਖਣਗੇ
ਪੰਜਾਬ ਵਿੱਚ ਅੱਜ ਤੋਂ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੇ 9 ਅਕਤੂਬਰ ਤੱਕ ਸਾਰਾ ਦਿਨ ਦਫ਼ਤਰੀ ਕੰਮ-ਕਾਜ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪੰਜਾਬ ਰਾਜ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦਰਜਾ-3 ਦੀ ਸੂਬਾਈ ਬਾਡੀ ਦੇ ਸੱਦੇ ਤਹਿਤ ਲਿਆ ਗਿਆ।...
ਪੰਜਾਬ ਵਿੱਚ ਅੱਜ ਤੋਂ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੇ 9 ਅਕਤੂਬਰ ਤੱਕ ਸਾਰਾ ਦਿਨ ਦਫ਼ਤਰੀ ਕੰਮ-ਕਾਜ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪੰਜਾਬ ਰਾਜ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦਰਜਾ-3 ਦੀ ਸੂਬਾਈ ਬਾਡੀ ਦੇ ਸੱਦੇ ਤਹਿਤ ਲਿਆ ਗਿਆ। ਇਸ ਵਿੱਚ ਐੱਸ ਡੀ ਐੱਮ ਦਫ਼ਤਰ/ਤਹਿਸੀਲ ਦਫ਼ਤਰ ਅਤੇ ਸਬ-ਤਹਿਸੀਲ ਦਫ਼ਤਰਾਂ ਦੇ ਸਮੂਹ ਕਰਮਚਾਰੀ ਕਲਮਛੋੜ/ਕੰਪਿਊਟਰ ਬੰਦ ਹੜਤਾਲ ’ਤੇ ਰਹਿਣਗੇ। ਜਥੇਬੰਦੀ ਵੱਲੋਂ ਹੜਤਾਲ ਦਾ ਇਹ ਸੱਦਾ ਮਾਲੇਰਕੋਟਲੇ ਦੇ ਡੀ ਸੀ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਕਥਿਤ ਗ਼ਲਤ ਰਵੱਈਏ ਦੇ ਰੋਸ ਵਜੋਂ ਕੀਤਾ ਗਿਆ ਹੈ। ਜਥੇਬੰਦੀ ਦੀ ਮਾਨਸਾ ਜ਼ਿਲ੍ਹਾ ਇਕਾਈ ਨੇ ਅੱਜ ਸਾਰਾ ਦਿਨ ਹੜਤਾਲ ਰੱਖ ਕੇ ਜ਼ਿਲ੍ਹਾ ਪੱਧਰੀ ਧਰਨਾ ਲਾਇਆ ਗਿਆ।
ਯੂਨੀਅਨ ਦੀ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਿੱਟੂ ਅਤੇ ਜਸਵੰਤ ਸਿੰਘ ਮੌਜੋ ਨੇ ਕਿਹਾ ਕਿ ਜੇ ਡੀ ਸੀ ਮਾਲੇਰਕੋਟਲਾ ਵੱਲੋਂ ਉਥੋਂ ਦੇ ਕਰਮਚਾਰੀਆਂ ਦੇ ਮਸਲੇ ਤੁਰੰਤ ਹੱਲ ਨਾ ਕੀਤੇ ਗਏ ਅਤੇ ਕਰਮਚਾਰੀਆਂ ਨੂੰ ਭੱਦੀ ਸ਼ਬਦਾਵਲੀ ਬੋਲਣ ਸਬੰਧੀ ਮੁਆਫ਼ੀ ਨਾ ਮੰਗੀ ਗਈ ਤਾਂ ਸੂਬਾ ਬਾਡੀ ਵੱਲੋਂ ਦਿੱਤੇ ਐਕਸ਼ਨ ਅਨੁਸਾਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਭਲਕੇ 7 ਅਕਤੂਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਡੀ ਸੀ ਮਾਲੇਰਕੋਟਲਾ ਦੇ ਪੁਤਲੇ ਫੂਕੇ ਜਾਣਗੇ ਅਤੇ 8 ਨੂੰ ਜ਼ਿਲ੍ਹਾ ਮਾਲੇਰਕੋਟਲਾ ਦੇ ਕਰਮਚਾਰੀ ਸ਼ਹਿਰ ਵਿੱਚ ਰੋਸ ਮਾਰਚ ਕਰਨਗੇ ਅਤੇ ਪੰਜਾਬ ਦੇ ਕਰਮਚਾਰੀ ਉਨ੍ਹਾਂ ਦਾ ਸਾਥ ਦੇਣਗੇ। 9 ਨੂੰ ਮਾਲੇਰਕੋਟਲਾ ਵਿੱਚ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜਸਵੰਤ ਸਿੰਘ ਮੌਜੋ, ਮਨਜੀਤ ਸਿੰਘ, ਗੁਰਤੇਜ ਸਿੰਘ, ਮਨਪ੍ਰੀਤ ਸਿੰਘ, ਸ਼ਕੁੰਤਲਾ ਰਾਣੀ, ਰਮਨਦੀਪ ਕੌਰ, ਗੁਰਪ੍ਰੀਤ ਕੌਰ, ਪੂਜਾ ਰਾਣੀ, ਸੁਖਵਿੰਦਰ ਸਿੰਘ, ਮਨੋਜ ਕੁਮਾਰ ਨੇ ਵੀ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫ਼ਤਰ ਦੇ ਸਮੂਹ ਕਰਮਚਾਰੀ ਅੱਜ ਪੂਰਨ ਤੌਰ ’ਤੇ ਹੜਤਾਲ ’ਤੇ ਰਹੇ। ਮੁਕਤਸਰ ਐਸੋਸੀਏਸ਼ਨ ਦੇ ਆਗੂ ਪੁਸ਼ਪਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਲੇਰਕੋਟਲਾ ਦੇ ਡੀ ਸੀ ਨੇ ਮਾਲੇਰਕੋਟਲਾ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਵਿਰੁੱਧ ਕਥਿਤ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਦਫ਼ਤਰ ਦੇ ਕਈ ਮੁਲਾਜ਼ਮਾਂ ਦੀਆਂ ਗੁਪਤ ਰਿਪੋਰਟਾਂ ਕਥਿਤ ਗ਼ਲਤ ਭਰ ਦਿੱਤੀਆਂ। ਇਸ ਘਟਨਾ ਦੇ ਰੋਸ ਵਜੋਂ ਪਹਿਲਾਂ ਮਾਲੇਰਕੋਟਲਾ ਡੀ ਸੀ ਦਫ਼ਤਰ ਦੇ ਕਰਮਚਾਰੀਆਂ ਨੇ ਕੰਮਕਾਜ ਠੱਪ ਕੀਤਾ ਜਿਸ ਤੋਂ ਬਾਅਦ ਪਟਿਆਲਾ ਖੇਤਰ ਦੇ ਕਰਮਚਾਰੀ ਹੜਤਾਲ ’ਤੇ ਗਏ। ਜਦੋਂ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾਂ ਹੁਣ ਪੂਰੇ ਪੰਜਾਬ ਭਰ ਵਿੱਚ ਇਹ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਡੀ ਸੀ ਦੀ ਬਦਲੀ ਨਾ ਕੀਤੀ ਅਤੇ ਮੁਲਾਜ਼ਮਾਂ ਖ਼ਿਲਾਫ਼ ਕੀਤੀ ਕਾਗਜ਼ੀ ਕਾਰਵਾਈ ਵਾਪਸ ਨਾ ਲਈ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

