Punjab Congress: ਕਾਂਗਰਸ ਦਾ ਪ੍ਰਧਾਨ ਬਦਲਣ ਨਾਲ ਕਿਤੇ ਖ਼ੁਸ਼ੀ, ਕਿਤੇ ਗ਼ਮ
ਵਿਧਾਨ ਸਭਾ ਚੋਣਾਂ ਲਈ ਟਿਕਟ ਦੀ ਆਸ ਰੱਖਣ ਵਾਲੇ ਨਿਰਾਸ਼; ਸੀਨੀਅਰ ਆਗੂਆਂ ਨੇ ਖ਼ੁਸ਼ੀ ਮਨਾਈ
ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਭਾਵੇਂ ਮਾਲਵੇ ’ਚੋਂ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਖੁੱਸ ਗਈ ਹੈ, ਪਰ ਇਸ ਦੇ ਬਾਵਜੂਦ ਅੱਜ ਮਾਲਵਾ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਖ਼ੁਸ਼ੀ ਵਿੱਚ ਇਕੱਠੇ ਹੋ ਕੇ ਸਾਂਝੇ ਤੌਰ ’ਤੇ ਲੱਡੂ ਵੰਡੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਅਹੁਦੇ ਤੋਂ ਪਾਸੇ ਕਰਨ ਨਾਲ ਖ਼ੁਸ਼ੀਆਂ ਦੇ ਨਾਲ ਗ਼ਮੀ ਵੀ ਦਿਖਾਈ ਦਿੱਤੀ ਹੈ। ਰਾਜਾ ਵੜਿੰਗ ਧੜੇ ਦੇ ਨੇਤਾਵਾਂ ਦੇ ਅੱਜ ਫੋਨ ਬੰਦ ਰਹੇ ਅਤੇ ਬਹੁਤੇ ਆਗੂ ਘਰਾਂ ਵਿੱਚੋਂ ਨਿਕਲੇ ਹੀ ਨਹੀਂ।
ਵੇਰਵਿਆਂ ਅਨੁਸਾਰ ਕਈ ਨੇਤਾ, ਜੋ ਖ਼ੁਦ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਮੰਨਦੇ ਸਨ, ਉਹ ਰਾਤੋ-ਰਾਤ ਅਹੁਦਾ ਬਦਲਣ ਤੋਂ ਬਾਅਦ ਘਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ। ਦੱਸਿਆ ਗਿਆ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਲਵਾ ਖੇਤਰ ਕਈ ਨੇਤਾਵਾਂ ਨੂੰ ਵਿਧਾਨ ਸਭਾ ਦੀ ਟਿਕਟ ਦੇਣ ਦੀ ਥਾਪੀ ਦਿੱਤੀ ਹੋਈ ਸੀ।
ਸ੍ਰੀ ਵੜਿੰਗ ਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਛੁੱਟੀ ਹੋਣ ਮਗਰੋਂ ਕਈ ਨੇਤਾਵਾਂ ਦੀਆਂ ਟਿਕਟ ਮਿਲਣ ਦੀ ਇੱਛਾਵਾਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਕਾਂਗਰਸ ਦੀ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਟਿਕਟ ਲੈਣ ਦੀ ਇੱਛਾ ਕਰਨ ਵਾਲੇ ਕਈ ਕਾਂਗਰਸੀਆਂ ਨੇ ਲੰਮੇ ਸਮੇਂ ਤੋਂ ਰਾਜਾ ਵੜਿੰਗ ਨਾਲ ਨਜ਼ਦੀਕੀਆਂ ਬਣਾਈਆਂ ਹੋਈਆਂ ਸਨ।
ਇਹ ਕਾਂਗਰਸੀ ਨੇਤਾ ਕਰੀਬ ਆਪਣੀ ਟਿਕਟ ਪੱਕੀ ਹੋਣ ਦੀ ਝਾਕ ਲਾਈ ਬੈਠੇ ਸਨ, ਹੁਣ ਅਚਾਨਕ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾ ਕੇ ਜਲੰਧਰ ਕੈਂਟ ਤੋਂ ਤਿੰਨ ਵਾਰ ਵਿਧਾਇਕ ਰਹੇ ਪਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਹੈ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ, ਸਿੱਧੂ ਮੂਸੇਵਾਲਾ ਕਤਲ ਮਾਮਲੇ ਸਣੇ ਹੋਰ ਜਨਤਕ ਮੁੱਦਿਆਂ ਅਤੇ ਮਾਨਸਾ ਵਿੱਚ ਵਾਪਰੀਆਂ ਵਾਰਦਾਤਾਂ ਦੇ ਸੰਦਰਭ ਵਿੱਚ ਰਾਜਾ ਵੜਿੰਗ ਦੀ ਅਕਸਰ ਮਾਨਸਾ ਫੇਰੀ ਪੈਂਦੀ ਰਹੀ। ਟਿਕਟਾਂ ਦੀ ਝਾਕ ਰੱਖਣ ਵਾਲੇ ਮਾਨਸਾ, ਬਠਿੰਡਾ ਅਤੇ ਸਰਦੂਲਗੜ੍ਹ ਦੇ ਚਾਹਵਾਨ ਉਨ੍ਹਾਂ ਦੇ ਆਉਣ ਦੀ ਸੂਚਨਾ ਦੇਣ ਤੋਂ ਇਲਾਵਾ ਅਕਸਰ ਹੀ ਪੱਬਾਂ ਭਾਰ ਦਿਸਦੇ ਰਹੇ। ਹਾਲਾਂਕਿ ਕਈ ਮੰਚਾਂ ’ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਸਿੱਧੇ ਤੌਰ ’ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕਰਦਿਆਂ ਇਹ ਟਿੱਪਣੀਆਂ ਕੀਤੀਆਂ ਸਨ ਕਿ ਉਹ ਹਰ ਇੱਕ ਨੂੰ ਟਿਕਟ ਦਾ ਥਾਪੜਾ ਨਾ ਦੇਣ, ਇੱਕ ਦੇ ਸਿਰ ’ਤੇ ਹੱਥ ਰੱਖ ਕੇ ਬਾਕੀਆਂ ਨੂੰ ਉਸ ਦੀ ਮਦਦ ਕਰਨ ਦਾ ਹੁਕਮ ਦੇਣ। ਪਿਛਲੇ ਦਿਨੀਂ ਇੱਕ ਕਾਂਗਰਸੀ ਨੇਤਾ ਨੂੰ ਵਿਦੇਸ਼ ਤੋਂ ਆਈ ਧਮਕੀ ਭਰੀ ਫੋਨ ਕਾਲ ਵਿੱਚ ਵੀ ਰਾਜਾ ਵੜਿੰਗ ਦਾ ਜ਼ਿਕਰ ਹੋਇਆ ਸੀ।
ਇਸੇ ਦੌਰਾਨ ਦੌਰਾਨ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਨਾਜਰ ਸਿੰਘ ਮਾਨਸ਼ਾਹੀਆ, ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਕਰਮ ਸਿੰਘ ਚੌਹਾਨ, ਚਮਕੌਰ ਸਿੰਘ ਸਿੱਧੂ, ਬਲਵਿੰਦਰ ਨਾਰੰਗ, ਕੇਸਰ ਸਿੰਘ ਧਲੇਵਾਂ, ਸੁਰੇਸ਼ ਨੰਦਗੜੀਆ, ਹਰਵਿੰਦਰ ਭਾਰਦਵਾਜ, ਮਨਜੀਤ ਰਾਣਾ, ਐਡਵੋਕੇਟ ਨਵਲ ਕੁਮਾਰ ਨੇ ਵੀ ਲੱਡੂ ਵੰਡ ਕੇ ਖ਼ੁਸ਼ੀ ਮਨਾਈ।
ਹਾਈਕਮਾਂਡ ਦਾ ਧੰਨਵਾਦ ਕੀਤਾ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਂਡ ਦਾ ਪਰਗਟ ਸਿੰਘ ਦੀ ਨਿਯੁਕਤੀ ਕਰਨ ’ਤੇ ਧੰਨਵਾਦ ਕਰਦਿਆਂ ਇੱਕ ਇਕੱਠ ਕਰ ਕੇ ਅੱਜ ਮਾਨਸਾ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਹੇ ਜਾਣ ਮਗਰੋਂ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਂਦੇ ਕਿਸੇ ਵੀ ਨੇਤਾ ਦੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਆਈ ਹੈ।

