ਜੋਗਿੰਦਰ ਸਿੰਘ ਮਾਨ
ਮਾਨਸਾ,10 ਜੁਲਾਈ
ਕਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ, ਜਦੋਂ ਪੰਜਾਬ ਵਿੱਚ ਬੱਸਾਂ ਦੀਆਂ ਸਵਾਰੀਆਂ ਦੀ ਗਿਣਤੀ ਵੱਡੀ ਪੱਧਰ ਘੱਟ ਗਈ ਹੈ ਤਾਂ ਇਸ ਦਾ ਸਭ ਤੋਂ ਵੱਧ ਖਮਿਆਜ਼ਾ ਮਾਲਵਾ ਖੇਤਰ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਸਮੇਤ ਪੈਪਸੂ ਰੋਡਵੇਜ਼ ਟਰਾਂਸਪੋਰਟ ਸਮੇਤ ਪੰਜਾਬ ਰੋਡਵੇਜ਼ ਨੂੰ ਵੀ ਪੈਣ ਲੱਗਿਆ ਹੈ। ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਲਗਾਤਾਰ ਘੱਟਣ ਲੱਗੀ ਹੈ। ਏ.ਸੀ ਬੱਸਾਂ ਦਾ ਹਾਲ ਹੋਰ ਵੀ ਮਾੜਾ ਹੋਣ ਲੱਗਿਆ ਹੈ, ਜਿਹੜੀਆਂ ਅਜੇ ਤੱਕ ਰੂਟਾਂ ਉਪਰ ਚੱਲ ਵੀ ਨਹੀਂ ਸਕੀਆਂ ਹਨ। ਪ੍ਰਾਈਵੇਟ ਬੱਸਾਂ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਡੀਜ਼ਲ ਅਤੇ ਹੋਰ ਮਹਿੰਗਾਈ ਦੀ ਮਾਰ ਹੇਠ ਆਏ ਹੋਏ ਹਨ ਅਤੇ ਹੁਣ ਕਰੋਨਾ ਦੇ ਡਰ ਨੇ ਉਨ੍ਹਾਂ ਦਾ ਧੰਦਾ ਚੌਪਟ ਕਰ ਦਿੱਤਾ ਹੈ, ਜਦੋਂ ਕਿ ਹੁਣ ਕਿਰਾਏ ਵੱਧਣ ਕਾਰਨ ਅਤੇ ਡੀਜ਼ਲ ਦੀਆਂ ਦਿਨੋ-ਦਿਨ ਵੱਧ ਰਹੀਆਂ ਕੀਮਤਾਂ ਕਾਰਨ ਕਈ ਰੂਟਾਂ ਉਪਰ ਬੱਸਾਂ ਵਾਲਿਆਂ ਵੱਲੋਂ ਸੇਵਾ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਬੱਸਾਂ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਵਧਾਏ ਗਏ ਕਿਰਾਏ ਦਾ ਵੀ ਨੁਕਸਾਨ ਹੋਇਆ ਹੈ।
ਇਥੇ ਜ਼ਿਕਰਯੋਗ ਹੈ ਕਿ ਮਾਲਵਾ ਪੱਟੀ ਵਿਚ ਅਨੇਕਾਂ ਵੱਡੀਆਂ ਬੱਸ ਕੰਪਨੀਆਂ ਹਨ, ਜਿੰਨਾਂ ਵਲੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਬੱਸਾਂ ਨੂੰ ਚਲਾਇਆ ਜਾਂਦਾ ਹੈ। ਪਿਛਲੇ ਪੰਜਾਹ ਸਾਲਾਂ ਤੋਂ ਟਰਾਂਸਪੋਰਟ ਨਾਲ ਜੁੜੇ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਨੇ ਪਹਿਲਾਂ ਹੀ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋ ਕੇ ਬੱਸ ਚਲਾਉਣ ਤੋਂ ਤੌਬਾ ਕੀਤੀ ਹੋਈ ਹੈ ਅਤੇ ਹੁਣ ਕਰੋਨਾ ਦੀ ਮਾਰ ਨੇ ਟਰਾਂਸਪੋਰਟਰਾਂ ਨੂੰ ਕਸੂਤਾ ਫਸਾ ਦਿੱਤਾ ਹੈ, ਪਰ ਡੀਜ਼ਲ ਦੇ ਵਧੇ ਭਾਅ ਨੇ ਬੱਸਾਂ ਵਾਲਿਆਂ ਦਾ ਧੂੰਆ ਕੱਢ ਦਿੱਤਾ ਹੈ।
ਪੀਆਰਟੀਸੀ ਦੇ ਇੱਕ ਅਧਿਕਾਰੀ ਹਾਕਮ ਸਿੰਘ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਡਰ ਕਾਰਨ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ, ਲੌਕਡਾਊਨ ਖੋਲ੍ਹਣ ਅਤੇ ਪੂਰੀਆਂ ਸਵਾਰੀਆਂ ਨਾਲ ਸਫ਼ਰ ਕਰਵਾਉਣ ਦੀ ਦਿੱਤੀ ਸਰਕਾਰੀ ਆਗਿਆ ਦੇ ਬਾਵਜੂਦ ਲਗਾਤਾਰ ਘੱਟ ਰਹੀ ਹੈ, ਜਿਸ ਨਾਲ ਬੱਸਾਂ ਦਾ ਡੀਜ਼ਲ ਦਾ ਖਰਚਾ ਹੀ ਪੂਰਾ ਨਹੀਂ ਹੋ ਰਿਹਾ।
ਉਧਰ ਮਾਨਸਾ ਦੇ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਘੱਟਣ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੈਕਸ ਵਿੱਚ ਰਾਹਤ ਦਿੱਤੀ ਜਾਵੇ। ਇਸ ਸਬੰਧੀ ਯੂਨੀਅਨ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂ ਐਡਵੋਕੇਟ ਹਰਿੰਦਰ ਸ਼ਰਮਾ ਨੇ ਦੱਸਿਆ ਕਿ ਜੇ ਹਰ ਰੋਜ਼ ਘਾਟਾ ਪੈਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਬੱਸਾਂ ਨੂੰ ਬੰਦ ਕਰੇ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਵੇਗਾ।