ਪ੍ਰਾਈਵੇਟ ਬੱਸ ਮੁਲਾਜ਼ਮਾਂ ਵੱਲੋਂ ਪੀਆਰਟੀਸੀ ਦੇ ਕੰਡਕਟਰ ਦੀ ਕੁੱਟਮਾਰ

ਕੰਡਕਟਰ ਦੀ ਹਾਲਤ ਗੰਭੀਰ; ਬੱਸ ਦੇ ਟਾਈਮ ਤੋਂ ਹੋਇਆ ਝਗੜਾ

ਪ੍ਰਾਈਵੇਟ ਬੱਸ ਮੁਲਾਜ਼ਮਾਂ ਵੱਲੋਂ ਪੀਆਰਟੀਸੀ ਦੇ ਕੰਡਕਟਰ ਦੀ ਕੁੱਟਮਾਰ

ਕੁੱਟਮਾਰ ਦਾ ਸ਼ਿਕਾਰ ਹੋਇਆ ਪੀਆਰਟੀਸੀ ਦਾ ਕੰਡਕਟਰ ਜ਼ੇਰੇ ਇਲਾਜ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 22 ਨਵੰਬਰ

ਪੀਆਰਟੀਸੀ ਅਤੇ ਵੱਡੇ ਘਰ ਦੀ ਪ੍ਰਾਈਵੇਟ ਕੰਪਨੀ ਦੇ ਡਰਾਈਵਰ-ਕੰਡਕਟਰਾਂ ਵਿਚਕਾਰ ਸੂਰਜ ਚੜ੍ਹਨ ਤੋਂ ਪਹਿਲਾਂ ਟਾਈਮ ਨੂੰ ਲੈ ਕੇ ਲੜਾਈ ਹੋ ਗਈ। ਇਸ ਦੌਰਾਨ ਪੀਆਰਟੀਸੀ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ। ਉਹ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਹੈ। ਪੁਲੀਸ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਆਰੰਭ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਝਗੜਾ ਬੱਸਾਂ ਦੇ ਅੱਗੇ-ਪਿੱਛੇ ਟਾਈਮ ਹੋਣ ਕਾਰਨ ਹੋਇਆ ਹੈ। ਪੀਆਰਟੀਸੀ ਦੀ ਏਸੀ ਬੱਸ ਸਿਰਸਾ ਤੋਂ ਚੰਡੀਗੜ੍ਹ ਜਾ ਰਹੀ ਸੀ ਤੇ ਪ੍ਰਾਈਵੇਟ ਕੰਪਨੀ ਦੀ ਬੱਸ ਸਰਦੂਲਗੜ੍ਹ ਤੋਂ ਜਲੰਧਰ ਜਾ ਰਹੀ ਸੀ।

ਸਿਵਲ ਹਸਪਤਾਲ ਵਿਚ ਦਾਖ਼ਲ ਪੀਆਰਟੀਸੀ ਦੇ ਕੰਡਕਟਰ ਬੂਟਾ ਸਿੰਘ ਨੇ ਅਜੇ ਪੁਲੀਸ ਨੂੰ ਕੋਈ ਬਿਆਨ ਨਹੀਂ ਲਿਖਵਾਏ ਹਨ। ਉਸ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਇਸ ਕਾਰਨ ਪੁਲੀਸ ਨੇ ਅਜੇ ਪੜਤਾਲ ਸ਼ੁਰੂ ਨਹੀਂ ਕੀਤੀ।

ਪੀਆਰਟੀਸੀ ਦੀ ਮੁਲਾਜ਼ਮ ਯੂਨੀਅਨ ਵੱਲੋਂ ਇਸ ਕੁੱਟਮਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਭਲਕੇ 23 ਨਵੰਬਰ ਨੂੰ ਮਾਨਸਾ ਦਾ ਬੱਸ ਅੱਡਾ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਇਸ ਧੱਕੇਸ਼ਾਹੀ ਖ਼ਿਲਾਫ਼ ਸੂਬਾ ਪੱਧਰੀ ਅੰਦੋਲਨ ਆਰੰਭਿਆ ਜਾਵੇਗਾ। ਕਾਰਪੋਰੇਸ਼ਨ ਦੀਆਂ ਸਮੁੱਚੀਆਂ ਸੰਘਰਸ਼ੀ ਧਿਰਾਂ ਮੈਦਾਨ ਵਿੱਚ ਉਤਰਨਗੀਆਂ।

ਬੱਸ ਦੇ ਡਰਾਈਵਰ ਗੋਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਗੱਡੀ ਸਿਰਸਾ ਤੋਂ ਸਵਾ ਚਾਰ ਚੱਲ ਕੇ ਚੰਡੀਗੜ੍ਹ ਲਈ ਜਾਂਦੀ ਹੈ। ਨਿੱਜੀ ਕੰਪਨੀ ਦੀ ਬੱਸ ਸਰਦੂਲਗੜ੍ਹ ਤੋਂ ਜਲੰਧਰ ਤੱਕ ਜਾਂਦੀ ਹੈ, ਇਹ ਸਰਦੂਲਗੜ੍ਹ ਪੁੱਜਣ ਲਈ ਅਕਸਰ ਲੇਟ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕਾਰਪੋਰੇਸ਼ਨ ਦੀ ਬੱਸ ਉਨ੍ਹਾਂ ਨਾਲ ਜਾ ਰਲੀ ਤਾਂ ਰੋਸ ਵਜੋਂ ਉਸ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਵੀ ਧੱਕੇ ਮਾਰੇ ਗਏ। ਇਸ ਝਗੜੇ ਕਾਰਨ ਉਨ੍ਹਾਂ ਦਾ ਚੰਡੀਗੜ੍ਹ ਜਾਣ ਦਾ ਟਾਈਮ ਮਿਸ ਹੋ ਗਿਆ। ਇਸ ਕਾਰਨ ਸਵਾਰੀਆਂ ਖੱਜਲ ਹੁੰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀ ਵਾਲਿਆਂ ਵੱਲੋਂ ਉਨ੍ਹਾਂ ਨੂੰ ਟਾਈਮ ਖਾਣ ਲਈ ਕਈ ਕਿਸਮ ਦੇ ਲਾਲਚ ਵੀ ਦਿੱਤੇ ਗਏ, ਪਰ ਜਦੋਂ ਉਨ੍ਹਾਂ ਠੁਕਰਾ ਦਿੱਤੇ ਤਾਂ ਉਹ ਕੁੱਟਮਾਰ ’ਤੇ ਉੱਤਰ ਆਏ।

ਉਧਰ, ਪ੍ਰਾਈਵੇਟ ਬੱਸ ਕੰਪਨੀ ਨਾਲ ਜੁੜੇ ਇੱਕ ਮੁਲਾਜ਼ਮ ਨੇ ਕਿਹਾ ਕਿ ਪੀਆਰਟੀਸੀ ਵੱਲੋਂ ਹਰ-ਰੋਜ਼ ਉਨ੍ਹਾਂ ਦੇ ਪਿੱਛੇ ਬੱਸ ਭਜਾ ਕੇ ਸਵਾਰੀਆਂ ਚੁੱਕਣ ਦੀ ਬੇਨਿਯਮੀ ਕੀਤੀ ਜਾਂਦੀ ਹੈ। ਉਨ੍ਹਾਂ ਕੁੱਟਮਾਰ ਦੇ ਦੋਸ਼ ਨੂੰ ਝੂਠਾ ਦੱਸਿਆ

ਥਾਣਾ ਸਿਟੀ-2 ਦੇ ਮੁਖੀ ਹਰਦਿਆਲ ਦਾਸ ਨੇ ਦੱਸਿਆ ਕਿ ਇਸ ਮਾਮਲੇ ਦੀ ਰਿਪੋਰਟ ਉਨ੍ਹਾਂ ਕੋਲ ਆਈ ਹੈ। ਉਨ੍ਹਾਂ ਕਿਹਾ ਕਿ ਪੜਤਾਲ ਮਗਰੋਂ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All