ਜੋਗਿੰਦਰ ਸਿੰਘ ਮਾਨ
ਮਾਨਸਾ, 17 ਜੂਨ
ਪੰਜਾਬ ਦੀਆਂ ਖੱਬੇ ਪੱਖੀਆਂ ਪਾਰਟੀਆਂ ਵੱਲੋਂ ਕਾਲੇ ਕਾਨੂੰਨਾਂ ਵਾਪਸ ਕਰਵਾਉਣ ਲਈ, ਵੱਧ ਰਹੀਆਂ ਤੇਲ ਦੀਆਂ ਕੀਮਤਾਂ, ਘੱਟ ਗਿਣਤੀਆਂ ’ਤੇ ਹਮਲਿਆਂ ਦੇ ਖਿਲਾਫ ਅਤੇ ਹੋਰ ਮੁੱਦਿਆਂ ਨੂੰ ਲੈਕੇ ਮੋਦੀ ਸਰਕਾਰ ਵਿਰੁੱੱਧ ਦੇਸ਼ ਵਿਆਪੀ ਰੋਸ ਪੰਦਰਵਾੜੇ ਦੀ ਮੁਹਿੰਮ ਤਹਿਤ ਅੱਜ ਪਿੰਡ ਫਫੜੇ ਭਾਈਕੇ, ਨਰਿੰਦਰਪੁਰਾ, ਗੇਹਲੇ ਵਿੱਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਸੀਪੀਆਈ (ਐਮਐਲ) ਲਬਿਰੇਸ਼ਨ ਦੇ ਆਗੂ ਕਾਮਰੇਡ ਗੁਰਸੇਵਕ ਸਿੰਘ ਮਾਨਬੀਬੜੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋਂ ਵੋਟਾਂ ਤੋਂ ਪਹਿਲਾਂ ਦੇਸ਼ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸੇ ਦੌਰਾਨ ਸੀਪੀਆਈਐੱਮ ਵੱਲੋਂ ਵੱਖਰੇ ਤੌਰ ’ਤੇ ਪਿੰਡ ਕੋਟਧਰਮੂ ਵਿੱਚ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕੀਤਾ।
ਂਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋ ਦਿਨੋ-ਦਿਨ ਵੱਧ ਰਹੀਆਂ ਪੈਟਰੋਲ, ਡੀਜ਼ਲ, ਰਸੋਈ ਗੈਸ, ਦਾਲਾਂ,ਤੇਲ ਅਤੇ ਰੇਹ-ਸਪਰੇਅ ਦੀਆਂ ਕੀਮਤਾਂ ਲਈ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਮਾਨਸਾ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਕੇ ਬੱਸ ਸਟੈਂਡ ਸਾਹਮਣੇ ਮੋਦੀ ਦਾ ਪੁਤਲਾ ਫੂਕਿਆ ਗਿਆ। ਮੁਜ਼ਾਹਰਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਅੰਤਰਾਸ਼ਟਰੀ ਪੱਧਰ ’ਤੇ ਘੱਟ ਹੋਣ ਦੇ ਬਾਵਜੂਦ ਕੰਪਨੀਆਂ ਨੂੰ ਮੋਦੀ ਨੇ ਤੇਲ ਕੀਮਤਾਂ ਰੋਜ਼ਾਨਾ ਵਧਾ ਕੇ ਆਮ ਲੋਕਾਂ ਦੀ ਜੇਬ ’ਤੇ ਡਾਕਾ ਮਾਰਨ ਦੀ ਖੁੱਲ੍ਹ ਦੇ ਰੱਖੀ ਹੈ। ਉਨ੍ਹਾਂ ਕਿਹਾ ਕਿ ਰਸੋਈ ਗੈਸ ਤੇ ਦਾਲਾਂ, ਤੇਲ ਅਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀ ਹਰ ਚੀਜ਼ ਲੋਕਾਂ ਦੀ ਜੇਬ ਦੇ ਖਰਚੇ ਤੋਂ ਬਾਹਰ ਹੋ ਰਹੀ ਹੈ। ਇਸ ਮੌਕੇ ਐਡਵੋਕੇਟ ਕਮਲ ਗੋਇਲ, ਸਰਬਜੀਤ ਜਵਾਹਰਕੇ, ਐਡਵੋਕੇਟ ਰਣਦੀਪ ਸ਼ਰਮਾ, ਸੁਮਨਦੀਪ ਨੰਗਲ ਕਲਾਂ, ਕੁਲਵੀਰ ਉੱਲਕ, ਨਾਜਰ ਘੱਦੂਵਾਲਾ, ਰਮਨਦੀਪ ਜਵਾਹਰਕੇ,ਰੇਸ਼ਮ ਰੱਲਾ, ਕੁਲਵੰਤ ਸੰਘਾ, ਅਮਰਜੀਤ ਸਿੰਘ, ਰੋਬਿਨ ਦੰਦੀਵਾਲ, ਮੱਖਣ ਕੋਟਲੀ, ਨਸ਼ਪਿੰਦਰ ਨੈਨਸੀ, ਮਿੰਟੂ ਮਾਨਸਾ ਨੇ ਵੀ ਸੰਬੋਧਨ ਕੀਤਾ।