ਕਿਰਤੀ ਵਿਰੋਧੀ ਨੀਤੀਆਂ ਖ਼ਿਲਾਫ਼ ਮਜ਼ਦੂਰਾਂ ਵੱਲੋਂ ਧਰਨੇ : The Tribune India

ਕਿਰਤੀ ਵਿਰੋਧੀ ਨੀਤੀਆਂ ਖ਼ਿਲਾਫ਼ ਮਜ਼ਦੂਰਾਂ ਵੱਲੋਂ ਧਰਨੇ

ਕਿਰਤੀ ਵਿਰੋਧੀ ਨੀਤੀਆਂ ਖ਼ਿਲਾਫ਼ ਮਜ਼ਦੂਰਾਂ ਵੱਲੋਂ ਧਰਨੇ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਅੱਗੇ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁਨ ਨਾਅਰੇਬਾਜ਼ੀ ਕਰਦੇ ਹੋਏ।

ਪੱਤਰ ਪ੍ਰੇਰਕ
ਬਠਿੰਡਾ, 29 ਨਵੰਬਰ

ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦੇ ਸੱਦੇ ’ਤੇ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ’ਚੋਂ ਪੁੱਜੇ ਸੈਂਕੜੇ ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ’ਚ ਇਸਤਰੀਆਂ ਵੀ ਸ਼ਾਮਲ ਸਨ, ਨੇ ਅੱਜ ਸਥਾਨਕ ਪ੍ਰਬੰਧਕੀ ਕੰਪਲੈਕਸ ’ਚ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਕੇਂਦਰੀ ਤੇ ਸੂਬਾ ਸਰਕਾਰਾਂ ਦੀਆਂ ਕਿਰਤੀ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਅਧਿਕਾਰੀਆਂ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਦੇ ਹੋਏ ਮੰਗ ਕੀਤੀ ਕਿ ਲੰਘੇ ਸਾਲ ’ਚ ਹੋਏ ਨਰਮਾ-ਕਪਾਹ ਦੀ ਫਸਲ ਦੇ ਖਰਾਬੇ ਦੇ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਕਿਰਤੀ ਪਰਿਵਾਰਾਂ ਨੂੰ ਵੀ ਫੌਰੀ ਮੁਆਵਜ਼ਾ ਦਿੱਤਾ ਜਾਵੇ ਤੇ ਮੌਜੂਦਾ ਸਾਲ ਚਿੱਟੇ ਮੱਛਰ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਪਰਿਵਾਰਾਂ ਨੂੰ ਵੀ ਦਿੱਤਾ ਜਾਵੇ।

ਧਰਨਾਕਾਰੀਆਂ ਨੂੰ ਸੰਬੋਧਨ ਕਰਨ ਲਈ ਉਚੇਚੇ ’ਤੇ ਪੁੱਜੇ ਸੂਬਾਈ ਵਿੱਤ ਸਕੱਤਰ ਮਹੀਪਾਲ ਨੇ ਹਾਜ਼ਰ ਕਿਰਤੀਆਂ ਨੂੰ ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰ ਕੇ ਕਿਰਤੀ ਮੰਗਾਂ ਦਾ ਯੋਗ ਨਬੇੜਾ ਕਰਨ ਤੋਂ ਮੁੱਕਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕੁੰਡਾ ਖੜਕਾਉਣ ਲਈ ‘ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਦੇ ਸੱਦੇ ’ਤੇ 30 ਨਵੰਬਰ ਨੂੰ ਪਰਿਵਾਰਾਂ ਸਮੇਤ ਸੰਗਰੂਰ ਪੁੱਜਣ ਦੀ ਅਪੀਲ ਕੀਤੀ। ਸੂਬਾਈ ਆਗੂ ਨੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜੱਥਾ ਮਾਰਚ ਦੇ 3 ਦਸੰਬਰ ਨੂੰ ਬਠਿੰਡਾ ਪਹੁੰਚਣ ’ਤੇ ਵੱਖੋ-ਵੱਖ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਕਿਰਤੀ ਇਕੱਠਾਂ ਵਿੱਚ ਭਾਰੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਮਹੀਪਾਲ ਨੇ 30 ਦਸੰਬਰ ਨੂੰ ਬਠਿੰਡਾ ’ਚ ਕੀਤੀ ਜਾਣ ਵਾਲੀ ਮਾਲਵਾ ਜ਼ੋਨ ਦੀ ‘ਮਜ਼ਦੂਰ ਅਧਿਕਾਰ ਰੈਲ’ ਦੀ ਲਾਮਿਸਾਲ ਕਾਮਯਾਬੀ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।

ਮਾਨਸਾ (ਪੱਤਰ ਪ੍ਰੇਰਕ) ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ 30 ਨਵੰਬਰ ਨੂੰ ਪੰਜਾਬ ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ ਖੜਕਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਲਈ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਉਣ ਤੋਂ ਬਾਅਦ ਹੁਣ ਅੱਕ ਕੇ ਉਨ੍ਹਾਂ ਵੱਲੋਂ ਕੀਤੇ ਹੋਏ ਵਾਅਦੇ ਯਾਦ ਕਰਵਾਉਣ ਵਾਸਤੇ ਅਜਿਹਾ ਕਦਮ ਚੁੱਕਣਾ ਪਿਆ ਹੈ। ਉਹ ਅੱਜ ਇਥੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ 117 ਦਿਨ ਤੋਂ ਲਾਏ ਪੱਕੇ ਮੋਰਚੇ ਦੌਰਾਨ ਜੁੜੇ ਮਜ਼ਦੂਰਾਂ ਨੂੰ ਸੰਬੋਧਨ ਕਰ ਰਹੇ ਸਨ। ਧਰਨੇ ਦੌਰਾਨ ਸਮਾਓ ਨੇ ਕਿਹਾ ਕਿ ਸਰਕਾਰਾਂ ਦੀਆਂ ਲੋਕਮਾਰੂ ਤੇ ਕਾਰਪੋਰੇਟ ਕੰਪਨੀਆਂ ਪੱਖੀ ਨੀਤੀਆਂ ਕਾਰਨ ਮਹਿੰਗਾਈ ਵਿੱਚ ਵਾਧਾ ਕਰਕੇ ਸਰਕਾਰਾਂ ਗਰੀਬਾਂ ਦੀ ਅੰਨ੍ਹੀ ਲੁੱਟ ਕਰ ਰਹੀਆਂ ਹਨ, ਜਿਸ ਕਾਰਨ ਬੇਰੁਜ਼ਗਾਰੀ ਵਿੱਚ ਫਸੇ ਦੇਸ ਦੇ ਕਰੋੜਾਂ ਦਿਹਾੜੀਦਾਰ ਗਰੀਬਾਂ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਨੋਟਬੰਦੀ ਅਤੇ ਕਰੋਨਾ ਕਾਲ ਵਿੱਚ ਕੀਤੇ ਲੌਕਡਾਊਨ ਨੇ ਭਾਰਤ ਦੇ ਕਰੋੜਾਂ ਲੋਕਾਂ ਤੋਂ ਰੋਜ਼ੀ ਰੋਟੀ ਦੇ ਸਾਧਨ ਖੁੱਸ ਗਏ ਹਨ, ਜਿਸ ਦਾ ਸਭ ਤੋਂ ਮਾੜਾ ਅਸਰ ਦੇਸ਼ ਦੇ ਬੇਜ਼ਮੀਨੇ ਗਰੀਬਾਂ ਉੱਪਰ ਪਿਆ ਹੈ।

ਵਾਅਦਾਖ਼ਿਲਾਫ਼ੀ ਵਿਰੁੱਧ ਮਜ਼ਦੂਰ ਖੜਕਾਉਣਗੇ ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ

ਭੁੱਚੋ ਮੰਡੀ (ਪੱਤਰ ਪ੍ਰੇਰਕ); ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 30 ਨਵੰਬਰ ਨੂੰ ਮੁੱਖ ਮੰਤਰੀ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਸੰਗਰੂਰ ਵਿੱਚ ਭਗਵੰਤ ਮਾਨ ਦੀ ਕੋਠੀ ਅੱਗੇ ਕੁੰਡਾ ਖੜਕਾਓ ਐਕਸ਼ਨ ਕੀਤਾ ਜਾ ਰਿਹਾ ਹੈ। ਇਸ ਦੀ ਸਫਲਤਾ ਲਈ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਮਗਨਰੇਗਾ ਮਜ਼ਦੂਰਾਂ ਨਾਲ ਗਿਆਨੀ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਲਾਮਬੰਦੀ ਮੀਟਿੰਗ ਕੀਤੀ। ਇਸ ਵਿੱਚ ਮੁੱਖ ਮੰਤਰੀ ਵੱਲੋਂ ਹੱਕ ਮੰਗਦੇ ਸੰਘਰਸ਼ੀ ਲੋਕਾਂ ਨੂੰ ਵਿਹਲੜ ਤੇ ਜਾਮ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਸੂਬਾਈ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 3 ਅਕਤੂਬਰ ਨੂੰ ਮਜ਼ਦੂਰ ਮੋਰਚੇ ਨਾਲ ਤੈਅ ਕੀਤੀ ਮੀਟਿੰਗ ਰੱਦ ਕਰਕੇ ਮੁੜ ਸਮਾਂ ਨਾ ਦੇਣ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 6 ਅਕਤੂਬਰ ਦੀ ਮੀਟਿੰਗ ’ਚ ਪ੍ਰਵਾਨ ਕੀਤੀਆਂ ਮੰਗਾਂ ਉੱਪਰ ਕੋਈ ਅਮਲ ਨਾ ਕੀਤੇ ਜਾਣ ਕਾਰਨ ਮਜ਼ਦੂਰ ਵਰਗ ਵੱਲੋਂ ‘ਕੁੰਡਾ ਖੜਕਾਓ ਐਕਸ਼ਨ’ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਜ਼ਦੂਰਾਂ ਦੇ ਸਾਲ ਭਰ ਦੇ ਰੁਜ਼ਗਾਰ ਦੀ ਗਾਰੰਟੀ ਅਤੇ ਦਿਹਾੜੀ 700 ਰੁਪਏ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਮਜ਼ਦੂਰਾਂ ਨੂੰ ਠੇਕੇ ’ਤੇ ਦੇਣ, ਗੁਲਾਬੀ ਸੁੰਡੀ ਕਾਰਨ ਖ਼ਰਾਬ ਨਰਮੇ ਦਾ ਮਜ਼ਦੂਰਾਂ ਨੂੰ ਤਹਿ ਕੀਤਾ ਮੁਆਵਜ਼ਾ ਦੇਣ, ਬੇਘਰਿਆਂ ਅਤੇ ਲੋੜਵੰਦਾਂ ਨੂੰ ਪਲਾਟ ਦੇਣ, ਕੱਟੇ ਪਲਾਟਾਂ ਦਾ ਕਬਜ਼ਾ ਦੇਣ, ਕਰਜ਼ੇ ਮੁਆਫ਼ ਕਰਨ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਦੇਣ, ਪੈਨਸ਼ਨਾਂ ਦੀ ਰਕਮ ਪੰਜ ਹਜ਼ਾਰ ਰੁਪਏ ਕਰਨ, ਬੁਢਾਪਾ ਪੈਨਸ਼ਨ ਲਈ ਉਮਰ ਹੱਦ ਘਟਾਉਣ ਅਤੇ ਦਲਿਤਾਂ ’ਤੇ ਜ਼ਬਰ ਬੰਦ ਕਰਨ ਦੀ ਮੰਗ ਕੀਤੀ ਜਾਵੇਗੀ।

‘ਮੱਤਾਂ ਦੇਣ ਦੀ ਥਾਂ ਮੁੱਖ ਮੰਤਰੀ ਲੋਕਾਂ ਦੇ ਮਸਲੇ ਹੱਲ ਕਰਨ’

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਧਰਨੇ ਨਾ ਲਾਉਣ ਦੀਆਂ ਮੱਤਾਂ ਦੇਣ ਦੀ ਬਜਾਏ ਉਨ੍ਹਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਨੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ ਖੜਕਾਉਣ ਦੇ ਦਿੱਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅੱਜ ਪਿੰਡ ਕੋਠਾ ਗੁਰੂ, ਗੁਰੂਸਰ ਤੇ ਹਮੀਰਗੜ੍ਹ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਮਾਲੀ ਅਤੇ ਗੁਰਦਿੱਤ ਸਿੰਘ ਗੁਰਾ ਨੇ ਕੀਤੀ। ਤੀਰਥ ਸਿੰਘ ਕੋਠਾਗੁਰੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਦਾ ਤਸੱਲੀਬਖਸ਼ ਨਿਪਟਾਰਾ ਨਾ ਕਰਨ, ਮੀਟਿੰਗ ’ਤੇ ਆਉਣ ਤੋਂ ਨਾਂਹ ਕਰਨ ਅਤੇ ਮਜ਼ਦੂਰਾਂ ’ਤੇ ਪਾਏ ਝੂਠੇ ਕੇਸਾਂ ਨੂੰ ਵਾਪਸ ਨਾ ਲੈਣ ਦੇ ਅਮਲ ਨੂੰ ਬਿਨਾਂ ਮਤਲਬ ਲਮਕਾਉਣ ਦੀਆਂ ਕਾਰਵਾਈਆਂ ਨੇ ਮਜ਼ਦੂਰਾਂ ਅੰਦਰ ਤਿੱਖਾ ਰੋਸ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮਜ਼ਦੂਰਾਂ ਨੂੰ ਪੈਨਲ ਮੀਟਿੰਗ ਕਰਕੇ ਮੰਗਾਂ ਦਾ ਤਸੱਲੀਬਖਸ਼ ਨਿਪਟਾਰਾ ਨਾ ਕੀਤਾ ਤਾਂ ਮਜ਼ਦੂਰ ਜੱਥੇਬੰਦੀਆਂ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All