ਜਗਤਾਰ ਅਣਜਾਣ
ਮੌੜ ਮੰਡੀ, 4 ਜੂਨ
ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਬਿਜਲੀ ਬੋਰਡ ਤੇ ਠੇਕਾ ਮੁਲਾਜ਼ਮਾਂ, ਸਨਅਤੀ ਮਜ਼ਦੂਰਾਂ ਤੇ ਨੌਜਵਾਨ-ਵਿਦਿਆਰਥੀਆਂ ਦੀਆਂ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਵੱਡੀ ਗਿਣਤੀ ’ਚ ਮਰਦ ਔਰਤਾਂ ਵੱਲੋਂ ਮੋਦੀ ਦੇ ਰਾਹਤ ਪੈਕੇਜ ਨੂੰ ਆਫ਼ਤ ਪੈਕੇਜ ਕਰਾਰ ਦਿੰਦਿਆਂ ਕਿਸਾਨਾਂ ਤੋਂ ਖੇਤੀ ਮੋਟਰਾਂ, ਮਜ਼ਦੂਰਾਂ ਤੋਂ ਘਰੇਲੂ ਬਿਜਲੀ ਬਿੱਲਾਂ ਦੀ ਮੁਆਫੀ ਖੋਹਣ ਤੇ ਠੇਕਾ ਕਾਮਿਆਂ ਦੀ ਛਾਂਟੀ ਕਰਨ ਅਤੇ ਵੱਖ-ਵੱਖ ਖੇਤਰਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਖ਼ਿਲਾਫ਼ ਤਹਿਸੀਲ ਹੈਡਕੁਆਟਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਤੇ ਨੌਜਵਾਨ ਸਭਾ ਆਗੂ ਸਰਬਜੀਤ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਜਲੀ ਬਿੱਲ 2020 ਰਾਹੀਂ ਬਿਜਲੀ ਖੇਤਰ ਦਾ ਅਧਿਕਾਰ ਰਾਜਾਂ ਤੋਂ ਖੋਹ ਕੇ ਕੇਂਦਰ ਅਧੀਨ ਲਿਆਉਣ ਰਾਹੀਂ ਬਿਜਲੀ ਬੋਰਡ ਦੇ ਮੁਕੰਮਲ ਨਿੱਜੀਕਰਨ ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸੇ ਨੀਤੀ ’ਤੇ ਅਮਲ ਕਰਦਿਆਂ ਕੈਪਟਨ ਸਰਕਾਰ ਵਲੋਂ ਸਿੱਧੀ ਸਬਸਿਡੀ ਦੇ ਆੜ ਹੇਠ ਖੇਤੀ ਮੋਟਰਾਂ ਤੇ ਮਜ਼ਦੂਰ ਪਰਿਵਾਰ ਨੂੰ ਮਿਲਦੀ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਦੀ ਤਿਆਰੀ ਕਰ ਲਈ ਗਈ ਹੈ ਤੇ ਪਾਵਰਕੌਮ ਐਂਡ ਟਰਾਂਸਕੋ ’ਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ ਤੇ ਗਰੀਬ ਪਰਿਵਾਰਾਂ ਨੂੰ ਬਿਜਲੀ ਦੇ ਭਾਰੀ ਬਿੱਲ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦੀ ਆੜ ਹੇਠ ਮੋਦੀ ਹਕੂਮਤ ਨੇ ਰਾਹਤ ਪੈਕੇਜ ਦਾ ਦੰਭ ਰਚ ਕੇ ਲੋਕਾਂ ਦੇ ਨਾਂ ਉੱਪਰ ਦੇਸੀ-ਵਿਦੇਸ਼ੀ ਜੋਕਾਂ ਲਈ ਮੁਲਕ ਦੇ ਸੋਮੇ ਝੋਕ ਦਿੱਤੇ ਹਨ। ਬਲਰਾਜ ਸਿੰਘ ਮੌੜ, ਅੰਮ੍ਰਿਤਪਾਲ ਮੌੜ, ਗੁਰਮੇਲ ਸਿੰਘ ਨੇ ਰਾਹਤ ਪੈਕੇਜ ਬਾਰੇ ਕਿਹਾ ਕਿ 20 ਲੱਖ ਕਰੋੜ ਰੁਪਏ ’ਚੋਂ 12 ਲੱਖ ਕਰੋੜ ਤਾਂ ਵਿਆਜ ਉੱਤੇ ਕਰਜੇ ਦੇਣ ਸੰੰਧੀ ਹੈ ਜਿਸ ਨੂੰ ਰਾਹਤ ਕਹਿਣਾ ਹੀ ਮਜ਼ਾਕ ਹੈ।
ਬੁਢਲਾਡਾ (ਅਮਿਤ ਕੁਮਾਰ) ਕੇਂਦਰ ਸਰਕਾਰ ਵੱਲੋਂ ਬਹੁ ਕਰੋੜੀ ਰਾਹਤ ਪੈਕੇਜ ਦੇ ਨਾਂ ਹੇਠ ਲੋਕਾਂ ਨਾਲ ਕੀਤੇ ਖ਼ਿਲਾਫ਼ ਅੱਜ ਐੱਸਡੀਐੱਮ ਦਫਤਰ ਅੱਗੇ ਵੱਖ ਵੱਖ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੇਜਰ ਗੋਬਿੰਦਪੁਰਾ, ਜਗਸੀਰ ਦੋਦੜਾ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਦੇ ਆਗੂ ਜਸਵੀਰ ਗੁੜੱਦੀ ਆਦਿ ਬੁਲਾਰਿਆ ਨੇ ਕੇਂਦਰੀ ਰਾਹਤ ਪੈਕੇਜ ਨੂੰ ਮੁੱਢੋਂ ਨਕਾਰਦਿਆਆਂ ਦੋਸ਼ ਲਾਇਆ ਕਿ 20 ਲੱਖ ਕਰੋੜ ਰੁਪਏ ’ਚੋਂ 12 ਲੱਖ ਕਰੋੜ ਤਾਂ ਵਿਆਜ ਉੱਤੇ ਕਰਜ਼ੇ ਦੇਣ ਸਬੰਧੀ ਹੈ ਜਿਸ ਨੂੰ ਰਾਹਤ ਕਹਿਣਾ ਮੱਧ ਵਰਗ, ਮਜ਼ਦੂਰ ਵਰਗ ਤੇ ਕਿਰਤੀ ਲੋਕਾਂ ਨਾਲ ਮਜ਼ਾਕ ਹੈ ਜਦੋਂਕਿ ਵੱਡੇ ਸਰਮਾਏਦਾਰਾਂ ਤੇ ਕਾਰੋਬਾਰੀਆਂ ਲਈ ਵੱਡੀਆਂ ਰਕਮਾਂ ਰੱਖੀਆਂ ਗਈਆਂ ਹਨ ਤੇ ਕਿਰਤ ਕਾਨੂੰਨਾਂ ਨੂੰ ਛਾਂਗ ਕੇ ਕਿਰਤੀਆਂ ਨੂੰ ਸਰਮਾਏਦਾਰਾਂ ਦੇ ਅੱਗੇ ਨੂੜ ਕੇ ਸੁੱਟ ਦਿੱਤਾ ਹੈ ਤੇ ਨਿਜੀਕਰਨ ਦਾ ਅਮਲ ਤੇਜ਼ ਕਰ ਦਿੱਤਾ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ‘ਜਮਹੂਰੀ ਅਧਿਕਾਰ ਸਭਾ’ ਦੇ ਸੱਦੇ ’ਤੇ ਅੱਜ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਡੈਮੋਕ੍ਰੇਟਿਕ ਮੁਲਾਜ਼ਮ ਫਰੰਟ, ਦਿਹਾਤੀ ਮਜ਼ਦੂਰ ਸਭਾ ਨੇ ਗ੍ਰਿਫਤਾਰ ਕੀਤੇ ਬੱਧੀਜੀਵੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਝਬੇਲਵਾਲੀ, ਜਗਜੀਤ ਜੱਸੇਆਣਾ, ਮੰਗਾ ਅਜ਼ਾਦ, ਸਤਨਾਮ ਦੂਹੇਵਾਲਾ, ਬਲਵਿੰਦਰ ਥਾਂਦੇਵਾਲਾ ਨੇ ਕਿਹਾ ਕਿ ਸੰਘ ਦੀ ਫਾਸ਼ੀਵਾਦੀ ਮੋਦੀ ਹਕੂਮਤ ਲੌਕਡਾਊਨ ਬਹਾਨੇ ਆਪਣਾ ਫਾਸ਼ੀ ਏਜੰਡਾ ਲਾਗੂ ਕਰ ਰਹੀ ਹੈ।