DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਾਅਦਾਖਿਲਾਫੀ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਮੁਜ਼ਾਹਰੇ

ਮੀਟਿੰਗ ਤੋਂ ਮੁੱਕਰਨ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਪੁਤਲੇ ਫੂਕੇ

  • fb
  • twitter
  • whatsapp
  • whatsapp
featured-img featured-img
ਮਹਿਲ ਕਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕਦੇ ਹੋਏ ਬਿਜਲੀ ਮੁਲਾਜ਼ਮ। -ਫੋਟੋ: ਬੱਲੀ
Advertisement

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਮਾਨਸਾ ਜ਼ਿਲ੍ਹੇ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਵੱਲੋਂ ਅੱਜ ਦੀ ਮੀਟਿੰਗ ਤੋਂ ਮੁਕਰਨ ਖ਼ਿਲਾਫ਼ ਇੱਕੇ ਸਥਾਨਕ ਕਚਹਿਰੀਆਂ ਕੋਲ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਹਰਪ੍ਰੀਤ ਸਿੰਘ ਬਿੱਟੂ, ਪ੍ਰਤਾਪ ਸਿੰਘ, ਹਰਵਿੰਦਰ ਸਿੰਘ ਬਿੱਟੂ, ਜਸਵੰਤ ਸਿੰਘ ਮੌਜੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਵਾਅਦਾਖ਼ਿਲਾਫ਼ੀ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਰੋਸ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ 18% ਡੀ.ਏ. ਜਾਰੀ ਕਰਨ, ਪੰਜਾਬ ਦਾ ਪੁਰਾਣਾ ਤਨਖਾਹ ਸਕੇਲ ਬਹਾਲ ਕਰਨ, 37 ਭੱਤੇ ਬਹਾਲ ਕਰਨ, ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਏ.ਸੀ.ਪੀ. ਸਕੀਮ ਲਾਗੂ ਕਰਨ ਸਮੇਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੋਰ ਹੱਕੀ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਹੜਤਾਲਾਂ ਅਤੇ ਧਰਨੇ ਤਾਂ ਚੱਲਦੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਇੱਕ ਪੱਤਰ ਜਾਰੀ ਕਰਕੇ ਰੋਸ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ, ਉਹ ਆਪਣੀਆਂ ਮੰਗਾਂ ਲਾਗੂ ਹੋਣ ਤੱਕ ਕਿਸੇ ਕੀਮਤ ’ਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।

ਫਾਜ਼ਿਲਕਾ (ਪਰਮਜੀਤ ਸਿੰਘ): ਸਥਾਨਕ ਡੀ ਸੀ ਦਫ਼ਤਰ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਪਿੱਟ ਸਿਆਪਾ ਕੀਤਾ ਗਿਆ। ਮੁਲਾਜ਼ਮ ਆਗੂ ਸੁਖਦੇਵ ਚੰਦ ਡੀ ਸੀ ਦਫਤਰ, ਸੁਨੀਲ ਕੁਮਾਰ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਤੋਂ ਮੁੱਕਰਨਾ, ਮੀਟਿੰਗ ਚੰਡਗੜ੍ਹ ਤੋਂ ਅਚਨਚੇਤ ਜਲੰਧਰ ਬਦਲ ਕੇ ਆਗੂਆਂ ਦੀ ਖੱਜਲ ਖੁਆਰੀ ਕਰਨਾ ਮੁਲਾਜ਼ਮ ਵਿਰੋਧੀ ਹੋਣ ਦਾ ਸਿੱਟਾ ਹੈ। ਸਮੂਹ ਆਗੂਆਂ ਨੇ ਇਕਜੁੱਟ ਹੋ ਕੇ ਐਲਾਨ ਕੀਤਾ ਕਿ ਮੁਲਾਜ਼ਮ ਤੇ ਪੈਨਸ਼ਨਰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜਾਰੀ ਰੱਖਣਗੇ ਅਤੇ ਸਰਕਾਰ ਨੂੰ ਮੁਲਾਜ਼ਮ ਵਰਗ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ। ਧਰਨੇ ’ਚ ਅਧਿਆਪਕ ਅਤੇ ਪੈਨਸ਼ਨਰ ਸਾਥੀ ਤੇ ਰਿਟਾਇਰਡ ਮੁਲਾਜ਼ਮ ਹਾਜ਼ਰ ਸਨ।

Advertisement

ਬਰਨਾਲਾ (ਪਰਸ਼ੋਤਮ ਬੱਲੀ): ਮੁਲਾਜ਼ਮ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ਜਥੇਬੰਦੀਆਂ ਨੂੰ ਲੰਘੇ ਦਿਨ ਦਿੱਤੀ ਮੀਟਿੰਗ ਤੋਂ ਮੁਕਰਨ ਦੇ ਰੋਸ ਵਜੋਂ ਅੱਜ ਮਹਿਲ ਕਲਾਂ ਸਬ ਡਵੀਜ਼ਨ ਦੇ ਸਮੁੱਚੇ ਮੁਲਾਜ਼ਮਾਂ ਨੇ ਪੈਨਸ਼ਨਰ ਆਗੂ ਇੰਜ. ਕੇਵਲ ਸਿੰਘ ਧਾਲੀਵਾਲ ਤੇ ਸੇਵਾਮੁਕਤ ਅਧਿਆਪਕ ਆਗੂ ਦਰਸ਼ਨ ਸਿੰਘ ਪੰਡੋਰੀ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਟੀ ਐੱਸ ਯੂ ਆਗੂ ਇੰਜ. ਕੁਲਵੀਰ ਸਿੰਘ ਔਲਖ ਤੇ ਸੁਖਪਾਲ ਸਿੰਘ ਕਾਲਾ ਮੱਲ੍ਹੀ ਨੇ ਕਿਹਾ ਕਿ ਮੀਟਿੰਗ ਤੋਂ ਮੁੱਕਰ ਕੇ ਮੁੱਖ ਮੰਤਰੀ ਪੰਜਾਬ ਨੇ ਆਗੂ ਟੀਮ ਨਾਲ ਕੋਝਾ ਮਜ਼ਾਕ ਕੀਤਾ ਹੈ, ਜਿਸ ਦਾ ਸਿੱਟਾ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ’ਤੇ ਭੁਗਤਣਾ ਪਵੇਗਾ।

Advertisement

ਬਠਿੰਡਾ (ਮਨੋਜ ਸ਼ਰਮਾ): ਸਿਵਲ ਹਸਪਤਾਲ ਬਠਿੰਡਾ ਵਿਖੇ ਸਿਹਤ ਵਿਭਾਗ ਨਾਲ ਸਬੰਧਤ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦੇ ਟਵੀਟ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਪ੍ਰਦਰਸ਼ਨ ਦੀ ਅਗਵਾਈ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਨੀਸ਼ ਕੁਮਾਰ ਨੇ ਕੀਤੀ। ਪਰਮਜੀਤ ਕੌਰ ਸਿੱਧੂ ਪ੍ਰਧਾਨ ਨਰਸਿੰਗ ਐਸੋਸੀਏਸ਼ਨ ਅਤੇ ਅਮਿਤ ਟਾਕ ਪ੍ਰਧਾਨ ਮਨਿਸਟੀਰੀਅਲ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀਆਂ ਦੇ ਆਗੂ ਤੇ ਵਰਕਰ 31 ਅਗਸਤ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਅੱਗੇ ਆਊਟਸੋਰਸ ਕਾਮਿਆਂ ਦੇ ਸੂਬਾ ਪੱਧਰੀ ਧਰਨੇ ’ਚ ਸ਼ਾਮਲ ਹੋਣਗੇੇ।

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਅੱਜ ਸ਼ਹਿਣਾ ਸਬ-ਡਵੀਜ਼ਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਬ ਡਵੀਜ਼ਨ ਪ੍ਰਧਾਨ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਸਬ ਡਵੀਜ਼ਨ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ, ਜਿਸ ਤੋਂ ਮੁਲਾਜ਼ਮ ਖ਼ਫ਼ਾ ਹਨ।

ਦਫ਼ਤਰ ਖੁੱਲ੍ਹੇ ਪਰ ਮੁਲਾਜ਼ਮਾਂ ’ਚ ਹਾਲੇ ਵੀ ਰੋਸ; ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਫੂਕੀਆਂ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮਨਿਸਟੀਰੀਅਲ ਕਾਮਿਆਂ ਦੀ 17 ਅਗਸਤ ਤੋਂ ਜਾਰੀ ਕਲਮਛੋੜ ਹੜਤਾਲ ਤੋਂ ਬਾਅਦ 17 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਕੀਤੀ ‘ਮਹਾਂ ਹੜਤਾਲ’ ਉਪਰੰਤ ਮੁੱਖ ਮੰਤਰੀ ਵੱਲੋਂ ‘ਹੜਤਾਲ ਦੇ ਨਾਲ ਗੱਲਬਾਤ ਨਾ ਕਰਨ’ ਸਬੰਧੀ ਕੀਤੇ ਟਵੀਟ ਮਗਰੋਂ ਅੱਜ ਮੁਲਾਜ਼ਮਾਂ ਨੇ ਭਾਵੇਂ ਦਫਤਰੀ ਕੰਮਕਾਰ ਤਾਂ ਸ਼ੁਰੂ ਕਰ ਦਿੱਤਾ ਹੈ ਪਰ ਇਸ ਦੇ ਨਾਲ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਹਨ। ਇੱਥੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਟਵੀਟ ਅਤੇ ਪੱਤਰ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਜ਼ਾਹਿਰ ਕੀਤਾ। ਇਥੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪੁਸ਼ਪਿੰਦਰ ਸਿੰਘ, ਖੁਸ਼ਕਰਨਜੀਤ ਸਿੰਘ, ਪਰਮਜੀਤ ਸਿੰਘ ਹੋਰਾਂ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਜਦੋਂ ਪੰਜਾਬ ਸਰਕਾਰ ਨੇ ਡੀ ਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਅਤੇ ਵਾਰ-ਵਾਰ ਸਮਾਂ ਮੰਗਣ ’ਤੇ ਵੀ ਗੱਲਬਾਤ ਨਾ ਕਰਨ ਕਰ ਕੇ ਉਨ੍ਹਾਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਂ ਹੜਤਾਲ ਸੌ ਫ਼ੀਸਦੀ ਸਫਲ ਰਹੀ, ਜਿਸ ਤੋਂ ਸਰਕਾਰ ਘਬਰਾਈ ਹੋਈ ਹੈ। ਇਕ ਪਾਸੇ ਮੁੱਖ ਮੰਤਰੀ ਟਵੀਟ ਕਰ ਕੇ ਮੁਲਾਜ਼ਮਾਂ ਨੂੰ ਪਰਿਵਾਰ ਦਾ ਹਿੱਸਾ ਦੱਸ ਰਹੇ ਹਨ ਤੇ ਦੂਜੇ ਪਾਸੇ ਨੌਕਰੀ ਤੋਂ ਕੱਢਣ ਦੇ ਡਰਾਵੇ ਦਿੱਤੇ ਜਾ ਰਹੇ ਹਨ । ਮੁੱਖ ਮੰਤਰੀ ਦੇ ਇਸ ਦੋਹਰੇ ਮਾਪਦੰਡਾਂ ਕਾਰਨ ਮੁਲਾਜ਼ਮਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਹੁਣ 30 ਅਗਸਤ ਨੂੰ ਮੁੱਖ ਮੰਤਰੀ ਨਾਲ ਜਥੇਬੰਦੀ ਦੀ ਬੈਠਕ ਤੋਂ ਬਾਅਦ ਜੋ ਫ਼ੈਸਲਾ ਹੋਵੇਗਾ ਉਸ ਮੁਤਾਬਕ ਅਗਲਾ ਸੰਘਰਸ਼ ਵਿੱਢਿਆ ਜਾਵੇਗਾ।

ਡੀ ਸੀ ਦਫ਼ਤਰ ਅੱਗੇ ਟਵੀਟ ਤੇ ਪੱਤਰ ਦੀਆਂ ਕਾਪੀਆਂ ਸਾੜਦੇ ਹੋਏ ਮੁਲਾਜ਼ਮ।
ਡੀ ਸੀ ਦਫ਼ਤਰ ਅੱਗੇ ਟਵੀਟ ਤੇ ਪੱਤਰ ਦੀਆਂ ਕਾਪੀਆਂ ਸਾੜਦੇ ਹੋਏ ਮੁਲਾਜ਼ਮ।
Advertisement
×