ਸੰਘਰਸ਼ੀ ਹਸਤੀਆਂ ਦੀਆਂ ‘ਪੈੜਾਂ ਸੁੰਘਣ’ ਵਿਰੁੱਧ ਰੋਸ ਪ੍ਰਦਰਸ਼ਨ

ਪੁਲੀਸ ਕਾਰਵਾਈ ਨੂੰ ਦੱਸਿਆ ਗ਼ੈਰਜਮਹੂਰੀ ਤੇ ਗ਼ੈਰਸੰਵਿਧਾਨਕ; ਝੂਠੇ ਕੇਸਾਂ ’ਚ ਉਲਝਾਉਣ ਦੇ ਖ਼ਦਸ਼ੇ ਪ੍ਰਗਟਾਏ

ਸੰਘਰਸ਼ੀ ਹਸਤੀਆਂ ਦੀਆਂ ‘ਪੈੜਾਂ ਸੁੰਘਣ’ ਵਿਰੁੱਧ ਰੋਸ ਪ੍ਰਦਰਸ਼ਨ

ਬਠਿੰਡਾ ਸ਼ਹਿਰ ’ਚ ਪ੍ਰਦਰਸ਼ਨ ਕਰਦੇ ਹੋਏ ਜਮਹੂਰੀ ਜਥੇਬੰਦੀਆਂ ਦੇ ਕਾਰਕੁਨ।

ਸ਼ਗਨ ਕਟਾਰੀਆ

ਬਠਿੰਡਾ, 29 ਨਵੰਬਰ

ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਸੱਦੇ ’ਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸੰਘਰਸ਼ੀ ਸ਼ਖ਼ਸੀਅਤਾਂ ਦੇ ਘਰ ਜਬਰੀ ਪਾਈਆਂ ਪੁਲੀਸ ਫੇਰੀਆਂ ਵਿਰੁੱਧ ਅੱਜ ਬਠਿੰਡਾ ਸ਼ਹਿਰ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨੀ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਰੋਸ ਮੁਜ਼ਾਹਰਾ ਸ਼ੁਰੂ ਹੋਣ ਤੋਂ ਪਹਿਲਾਂ ਟੀਚਰਜ਼ ਹੋਮ ਵਿੱਚ ਵਿਖਾਵਕਾਰੀ ਇਕੱਠੇ ਹੋਏ ਜਿਸ ਵਿੱਚ ਫਰੀਦਕੋਟ, ਰਾਮਪੁਰਾ, ਬਰਨਾਲਾ ਤੇ ਸੰਗਰੂਰ ਇਕਾਈਆਂ ਦੇ ਮੈਂਬਰ ਵੀ ਸ਼ਾਮਲ ਸਨ।

ਸਭਾ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਐਡਵੋਕੇਟ ਸੁਦੀਪ ਸਿੰਘ ਨੇ ਕਿਹਾ ਕਿ ਜਮਹੂਰੀ ਅਧਿਕਾਰ ਸਭਾ ਤੇ ਲੋਕ ਮੋਰਚਾ ਦੇ ਆਗੂਆਂ ਦੇ ਘਰੀਂ ਪੁਲੀਸ ਦੇ ਮੁਲਾਜ਼ਮ ਜਬਰੀ ਗਏ ਅਤੇ ਇਨ੍ਹਾਂ ਤੋਂ ਮੁਜਰਮਾਂ ਵਾਂਗ ਨਿੱਜੀ, ਪਰਿਵਾਰਕ ਜਾਣਕਾਰੀ ਹਾਸਲ ਕਰਨ ਸਮੇਤ ਘਰਾਂ ਦੇ ਨਕਸ਼ੇ ਬਣਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਖਿਲਾਫ ਕੋਈ ਵੀ ਕਾਰਵਾਈ ਪੁਲੀਸ ਰਿਕਾਰਡ ਵਿੱਚ ਬਕਾਇਆ ਨਹੀਂ ਹੈ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਦਰਅਸਲ ਲੋਕ ਜਥੇਬੰਦੀਆਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟਵਾਂ ਵਿਰੋਧ ਕਰਦੀਆਂ ਹਨ ਅਤੇ ਹੁਣ ਮਿਹਨਤਕਸ਼ ਲੋਕਾਂ ਦੇ ਹਿਤਾਂ ’ਤੇ ਹਮਲਾ ਕਰਨ ਲਈ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਨੂੰ ਲੋਕਾਂ ਦੀ ਜ਼ੁਬਾਨਬੰਦੀ ਦਾ ਨਾਂਅ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਦਬਸ਼ ਦਾ ਨਿਸ਼ਾਨਾ ਬਣਾਏ ਇਹ ਆਗੂ ਲੋਕ ਜਥੇਬੰਦੀਆਂ ’ਚ ਮੋਹਰੀ ਰੋਲ ਨਿਭਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਮੌਜੂਦਾ ਕਿਸਾਨ ਅੰਦੋਲਨ ਦੀ ਹਮਾਇਤ ਵੀ ਕੀਤੀ ਹੈ।

ਉਨ੍ਹਾਂ ਆਖਿਆ ਕਿ ਜਮਹੂਰੀਅਤ ਦਾ ਹਰ ਨਕਾਬ ਉਤਾਰ ਕੇ ਨੰਗਾ ਚਿੱਟਾ ਪੁਲਸੀਆ ਰਾਜ ਸਿਰਜਿਆ ਜਾ ਰਿਹਾ ਹੈ ਜਿਸ ਦਾ ਵਿਰੋਧ ਕਰਨ ਵਾਲੇ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਤੇ ਸੰਘਰਸ਼ਸ਼ੀਲ ਲੋਕਾਂ ’ਤੇ ਝੂਠੇ ਕੇਸ ਪਾ ਕੇ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਇਨ੍ਹਾਂ ਆਗੂਆਂ ਦੇ ਘਰਾਂ ਵਿੱਚ ਪਾਈਆਂ ਦਬਸ਼ਾਂ ਨਾ ਸਿਰਫ ਗੈਰ-ਜਮਹੂਰੀ ਹਨ ਸਗੋਂ ਇਹ ਗੈਰ-ਕਾਨੂੰਨੀ ਵੀ ਹਨ।

ਇਕੱਠ ਨੂੰ ਸਭਾ ਦੀ ਬਰਨਾਲਾ ਇਕਾਈ ਦੇ ਸੋਹਣ ਸਿੰਘ ਮਾਝੀ, ਸੰਗਰੂਰ ਇਕਾਈ ਦੇ ਨਾਮਦੇਵ ਸਿੰਘ ਭੁਟਾਲ, ਫਰੀਦਕੋਟ ਇਕਾਈ ਦੇ ਸ਼ਿਵਚਰਨ ਅਰਾਈਆਂ ਵਾਲਾ, ਟੈਕਨੀਕਲ ਸਰਵਿਸ ਯੂਨੀਅਨ ਦੇ ਭੁਪਿੰਦਰ ਸੰਧੂ, ਤਾਲਮੇਲ ਕਮੇਟੀ ਪੈਰਾ-ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਜਸਵਿੰਦਰ ਸ਼ਰਮਾ, ਜੇਪੀਐਮਓ ਦੇ ਕਾਮਰੇਡ ਮਹੀਪਾਲ, ਅਖਿਲ ਭਾਰਤੀ ਨਿਪਾਲੀ ਏਕਤਾ ਮੰਚ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੁਖਪਾਲ ਸਿੰਘ ਖਿਆਲੀਵਾਲਾ, ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਜਸਪਾਲ ਮਾਨਖੇੜਾ, ਤਰਕਸ਼ੀਲ ਸੁਸਾਇਟੀ ਬਠਿੰਡਾ ਦੇ ਬਲਰਾਜ ਮੌੜ, ਸੀਟੂ ਦੇ ਜੁਆਇੰਟ ਸਕੱਤਰ ਐਡਵੋਕੇਟ ਗੁਰਦੇਵ ਬਾਂਡੀ ਤੇ ਡਾ. ਅਜੀਤਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All