Protest in Mehal Kalan: ਸਰਪੰਚ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਸੰਘਰਸ਼ ਸ਼ੁਰੂ
ਬੀ ਡੀ ਪੀ ਓ ਦਫ਼ਤਰ ਵਿੱਚ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ
ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਬੀਬੀ ਸੁਖਦੀਪ ਕੌਰ ਦੀ ਮੁਅੱਤਲੀ ਤੋਂ ਬਾਅਦ ਵਿਵਾਦ ਭਖ ਗਿਆ ਹੈ। ਪੰਚਾਇਤ ਦੇ ਚੁਣੇ ਹੋਏ ਪੰਚਾਂ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਪਿੰਡ ਵਾਸੀਆਂ ਵੱਲੋਂ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਬੀ ਡੀ ਪੀ ਓ ਦੀ ਸਰਕਾਰੀ ਗੱਡੀ ਦਾ ਘਿਰਾਓ ਵੀ ਕੀਤਾ।
ਭਾਕਿਯੂ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਅਤੇ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਪੰਚਾਇਤ ਵਿਭਾਗ ਦੇ ਨਿਯਮਾਂ ਅਨੁਸਾਰ ਸਰਪੰਚ ਦੀ ਮੁਅੱਤਲੀ ਦੌਰਾਨ ਚਾਰਜ ਕਿਸੇ ਚੁਣੇ ਹੋਏ ਪੰਚ ਨੂੰ ਦਿੱਤਾ ਜਾਣਾ ਚਾਹੀਦਾ ਹੈ, ਪਰ ਸਥਾਨਕ ਅਧਿਕਾਰੀ ਇੱਥੇ ਪ੍ਰਬੰਧਕ ਨਿਯੁਕਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਦੇ ਖਾਤੇ ਵਿੱਚ ਕਰੀਬ 42 ਲੱਖ ਰੁਪਏ ਦੀ ਵਿਕਾਸ ਰਾਸ਼ੀ ਮੌਜੂਦ ਹੈ, ਜਿਸ ਦੀ ਮਨਮਰਜ਼ੀ ਨਾਲ ਵਰਤੋਂ ਕਰਨ ਲਈ ਚੁਣੇ ਹੋਏ ਨੁਮਾਇੰਦਿਆਂ ਨੂੰ ਪਾਸੇ ਕੀਤਾ ਜਾ ਰਿਹਾ ਹੈ। ਆਗੂਆਂ ਨੇ ਸਾਫ਼ ਕੀਤਾ ਕਿ ਜਦੋਂ ਤੱਕ ਲਿਖਤੀ ਹੁਕਮ ਜਾਰੀ ਨਹੀਂ ਹੁੰਦੇ, ਸੰਘਰਸ਼ ਖ਼ਤਮ ਨਹੀਂ ਹੋਵੇਗਾ।
ਮਾਹੌਲ ਗਰਮਾਉਣ ਤੋਂ ਬਾਅਦ ਤਹਿਸੀਲਦਾਰ ਸੁਖਵੀਰ ਸਿੰਘ ਅਤੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਏ ਡੀ ਸੀ (ਵਿਕਾਸ) ਬਰਨਾਲਾ ਨਾਲ ਸੰਪਰਕ ਕਰਵਾਇਆ, ਜਿਸ ਮਗਰੋਂ ਕਿਸਾਨ ਆਗੂਆਂ ਦਾ ਵਫ਼ਦ ਗੱਲਬਾਤ ਲਈ ਬਰਨਾਲਾ ਰਵਾਨਾ ਹੋਇਆ। ਦੂਜੇ ਪਾਸੇ, ਬੀ ਡੀ ਪੀ ਓ ਰਾਜਿੰਦਰ ਸਿੰਘ ਨੇ ਕਿਹਾ ਕਿ ਚੁਣੇ ਹੋਏ ਪੰਚਾਂ ਵਿੱਚੋਂ ਇੱਕ ਨੂੰ ਚਾਰਜ ਦੇਣ ਦੀ ਅਗਲੀ ਕਾਰਵਾਈ 13 ਜੁਲਾਈ ਨੂੰ ਕੀਤੀ ਜਾਵੇਗੀ, ਜਿਸ ਬਾਰੇ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ। ਪੰਚਾਇਤ ਸਕੱਤਰ ਸੁਖਦੀਪ ਸਿੰਘ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਖ਼ਬਰ ਲਿਖੇ ਜਾਣ ਤੱਕ ਬੀ ਡੀ ਪੀ ਓ ਦਫ਼ਤਰ ਅੱਗੇ ਪੱਕਾ ਮੋਰਚਾ ਅਤੇ ਧਰਨਾ ਲਗਾਤਾਰ ਜਾਰੀ ਸੀ।

