ਕੋਟ ਈਸੇ ਖਾਂ ਦੇ ਸਮਾਜਸੇਵੀ Kulwinder Mann ਦੀ ਰਿਹਾਈ ਲਈ ਥਾਣੇ ਅੱਗੇ ਧਰਨਾ
ਫਰੀਦਕੋਟ ਜੇਲ੍ਹ ਵਿੱਚ ਬੰਦ ਕੋਟ ਈਸੇ ਖਾਂ ਦੇ ਸਮਾਜਸੇਵੀ ਕੁਲਵਿੰਦਰ ਸਿੰਘ ਮਾਨ ਦੀ ਬਿਨਾਂ ਸ਼ਰਤ ਰਿਹਾਈ ਲਈ ਸਮਾਜਿਕ ਕਾਰਕੁਨਾਂ ਨੇ ਥਾਣੇ ਅੱਗੇ ਧਰਨਾ ਦਿੱਤਾ। ਇਹ ਧਰਨਾ ਸਿਵਲ ਸੁਸਾਇਟੀ ਮੋਗਾ ਦੇ ਆਗੂ ਐਡਵੋਕੇਟ ਅਜੈ ਸੂਦ ਅਤੇ ਮਹਿੰਦਰਪਾਲ ਲੂੰਬਾ ਦੀ ਅਗਵਾਈ ਹੇਠ...
ਫਰੀਦਕੋਟ ਜੇਲ੍ਹ ਵਿੱਚ ਬੰਦ ਕੋਟ ਈਸੇ ਖਾਂ ਦੇ ਸਮਾਜਸੇਵੀ ਕੁਲਵਿੰਦਰ ਸਿੰਘ ਮਾਨ ਦੀ ਬਿਨਾਂ ਸ਼ਰਤ ਰਿਹਾਈ ਲਈ ਸਮਾਜਿਕ ਕਾਰਕੁਨਾਂ ਨੇ ਥਾਣੇ ਅੱਗੇ ਧਰਨਾ ਦਿੱਤਾ। ਇਹ ਧਰਨਾ ਸਿਵਲ ਸੁਸਾਇਟੀ ਮੋਗਾ ਦੇ ਆਗੂ ਐਡਵੋਕੇਟ ਅਜੈ ਸੂਦ ਅਤੇ ਮਹਿੰਦਰਪਾਲ ਲੂੰਬਾ ਦੀ ਅਗਵਾਈ ਹੇਠ ਲੱਗਿਆ। ਇਸ ਵਿੱਚ ਸਮਾਜਸੇਵੀ ਅਮਿਤੋਜ ਮਾਨ ਅਤੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਸਾਜਨ ਛਾਬੜਾ ਦੀ ਅਗਵਾਈ ਹੇਠ ਕੁਝ ਨੌਜਵਾਨਾਂ ਨੇ ਵਿਰੋਧੀ ਧਰਨਾ ਲਗਾ ਕੇ ਕੇ ਐੱਸ ਮਾਨ ਅਤੇ ਅਮਿਤੋਜ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟਕਰਾਅ ਦੇ ਮੱਦੇਨਜ਼ਰ ਦੋਵਾਂ ਧਰਨਿਆਂ ਦੇ ਨੇੜੇ ਪੁਲੀਸ ਤਾਇਨਾਤ ਸੀ।
ਅਮਿਤੋਜ ਮਾਨ ਨੇ ਦੋਸ਼ ਲਾਇਆ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਕੁਲਵਿੰਦਰ ਮਾਨ ਉੱਤੇ ਪੁਲੀਸ ਨੇ ਸਾਜ਼ਿਸ਼ ਤਹਿਤ ਬਿਨਾਂ ਜਾਂਚ ਤੋਂ ਜਬਰ-ਜਨਾਹ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਪੁਲੀਸ ਰਿਮਾਂਡ ਦੀ ਮੰਗ ਖਾਰਜ ਕਰਕੇ ਉਸ ਨੂੰ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਮੁਖੀ ਸਿਆਸੀ ਸਰਪ੍ਰਸਤੀ ਹੇਠ ਵਿਧਾਇਕ ਦਾ ਵਿਰੋਧ ਕਰਨ ਵਾਲਿਆਂ ਉੱਤੇ ਝੂਠੇ ਪਰਚੇ ਦਰਜ ਕਰ ਰਹੀ ਹੈ। ਮਹਿੰਦਰਪਾਲ ਲੂੰਬਾ ਦੇ ਕੇਸ ਵਿੱਚ ਵੀ ਉੱਚ ਅਧਿਕਾਰੀ ਇਸ ਥਾਣਾ ਮੁਖੀ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦੇ ਚੁੱਕੇ ਹਨ।
ਆਗੂਆਂ ਨੇ ਇਨਸਾਫ਼ ਪਸੰਦ ਲੋਕਾਂ ਨੂੰ ਪੁਲੀਸ ਜਬਰ ਦਾ ਡਟ ਕੇ ਮੁਕਾਬਲਾ ਕਰਨ ਦੀ ਅਪੀਲ ਕੀਤੀ। ਧਰਨੇ ਨੂੰ ਮਹਿੰਦਰਪਾਲ ਲੂੰਬਾ, ਗੁਰਦੇਵ ਸਿੰਘ ਅਤੇ ਹਰਭਜਨ ਸਿੰਘ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਦਰਜ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਮੌਕੇ ਹਲਕਾ ਡੀ ਐੱਸ ਪੀ ਸੁਖਵਿੰਦਰ ਸਿੰਘ ਬਰਾੜ ਨੂੰ ਮੰਗ-ਪੱਤਰ ਸੌਂਪਿਆ ਗਿਆ। ਪੁਲੀਸ ਅਧਿਕਾਰੀ ਨੇ ਧਰਨਾਕਾਰੀਆਂ ਨੂੰ ਕੇਸ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।

