ਕਤਲ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਥਾਣੇ ਅੱਗੇ ਧਰਨਾ
ਪਿੰਡ ਚੀਦਾ ਵਾਸੀਆਂ ਨੇ ਵੀ ਬਰਾਬਰ ਧਰਨਾ ਲਗਾਇਆ; ਐੱਸ ਐੱਚ ਓ ਨੇ ਕਾਰਵਾਈ ਦਾ ਦਿੱਤਾ ਭਰੋਸਾ
ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਸੁਖਾਨੰਦ ਦੇ ਸਿਕੰਦਰ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਾਉਣ, ਮੁਕੱਦਮੇ ਵਿੱਚ ਆਈ ਪੀ ਸੀ ਦੀ ਧਾਰਾ 120 ਬੀ ਅਨੁਸਾਰ ਕਾਰਵਾਈ, ਐੱਸ ਸੀ ਐੱਸ ਟੀ ਐਕਟ ਦਾ ਵਾਧਾ ਕਰਾਉਣ ਲਈ ਥਾਣਾ ਸਮਾਲਸਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਪੁਲੀਸ ਪ੍ਰਸ਼ਾਸਨ ਨੂੰ ਹਫਤੇ ਦਾ ਅਲਟੀਮੇਟਮ ਦਿੰਦਿਆਂ ਆਗੂਆਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਧਰਨੇ ਨੂੰ ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਇਲਾਕਾ ਪ੍ਰਧਾਨ ਜਗਦੀਪ ਸਿੰਘ ਲੰਗੇਆਣਾ, ਪਰਮਜੀਤ ਸਿੰਘ ਡੋਡ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੰਦੀਪ ਸਿੰਘ ਸ਼ਨੀ, ਕਿਰਤੀ ਕਿਸਾਨ ਯੂਨੀਅਨ ਆਗੂ ਚਮਕੌਰ ਸਿੰਘ ਰੋਡੇ, ਨੌਜਵਾਨ ਭਾਰਤ ਸਭਾ ਵਿੱਤ ਸਕੱਤਰ ਨਿਰਮਲ ਸਿੰਘ ਸੇਖਾ, ਸੁਰਜੀਤ ਸਿੰਘ, ਤਰਸੇਮ ਸਿੰਘ, ਸੁਰਜੀਤ ਸਿੰਘ, ਪੰਚਾਇਤ ਮੈਂਬਰ ਬੱਬੀ ਢਿੱਲੋਂ, ਕਮਲਜੀਤ ਸਿੰਘ, ਦੀਪਾ, ਗੁਰਪ੍ਰੀਤ ਸਿੰਘ ਸਮਾਲਸਰ, ਅਕਾਸ਼ਦੀਪ ਸਿੰਘ, ਚਰਨਾ ਸੇਖਾ, ਅਕਾਸ਼ ਰੋਡੇ, ਗੁਰਪ੍ਰੀਤ ਸਿੰਘ ਰੋਡੇ, ਬਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਦੋਸ਼ੀ ਲੱਭ ਨਹੀਂ ਰਹੇ ਤਾਂ ਫੇਰ ਪੁਲੀਸ ਉਨ੍ਹਾਂ ਨੂੰ ਭਗੌੜੇ ਕਰਾਰ ਦੇਵੇ। ਧਰਨੇ ਵਿੱਚ ਐੱਸ ਐੱਚ ਓ (ਸਮਾਲਸਰ) ਨੇ ਕਿਹਾ ਕਿ ਗਿਆਰ੍ਹਾਂ ਕਥਿਤ ਦੋਸ਼ੀਆਂ ਵਿੱਚੋਂ ਸੱਤ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਰਹਿੰਦੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਮੁਕੱਦਮੇ ਵਿੱਚ ਵਾਧੇ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਧਰਨੇ ਦੇ ਬਰਾਬਰ ਹੀ ਪਿੰਡ ਚੀਦਾ ਵਾਸੀਆਂ ਨੇ ਵੀ ਧਰਨਾ ਲਗਾਉਂਦਿਆਂ ਮੰਗ ਕੀਤੀ ਕਿ ਪਿੰਡ ਚੀਦਾ ਦੇ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਗਿੰਦਰੀ ਨੂੰ ਇਸ ਕੇਸ ਵਿੱਚ ਨਾਜਾਇਜ਼ ਫਸਾਇਆ ਜਾ ਰਿਹਾ ਹੈ, ਸਾਬਕਾ ਸਰਪੰਚ ਅਮਰਜੀਤ ਸਿੰਘ, ਸੂਬਾ ਸਿੰਘ ਪੰਚ, ਗੁਰਤੀਰ ਚੀਦਾ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਖਿਡਾਰੀ ਇਸ ਲੜਾਈ ਵਿੱਚ ਸ਼ਾਮਿਲ ਨਹੀਂ ਸੀ ਅਤੇ ਜੇਕਰ ਲੜਾਈ ਦੀਆਂ ਵੀਡੀਓ ਵਿੱਚ ਇਹ ਖਿਡਾਰੀ ਆਉਂਦਾ ਹੈ ਤਾਂ ਉਸ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ ਪਰ ਜੇਕਰ ਉਹ ਨਹੀਂ ਆਉਂਦਾ ਤਾਂ ਉਸ ਨੂੰ ਇਸ ਪਰਚੇ ਵਿੱਚੋਂ ਕੱਢਿਆ ਜਾਵੇ। ਐੱਸ ਐੱਚ ਓ ਸਮਾਲਸਰ ਨੇ ਇਹਨਾਂ ਨੂੰ ਵੀ ਭਰੋਸਾ ਦਵਾਇਆ ਕਿ ਤਫਦੀਸ਼ ਕਰਕੇ ਸਹੀ ਕਾਰਵਾਈ ਕੀਤੀ ਜਾਵੇਗੀ।

