ਅਸ਼ੋਕ ਸੀਕਰੀ
ਗੁਰੂਹਰਸਹਾਏ, 15 ਅਪਰੈਲ
ਪਿੰਡ ਚੱਕ ਪੰਜੇ ਕੇ ਵਿੱਚ ਜ਼ਮੀਨੀ ਵਿਵਾਦ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੂੰ ਗੋਲੀ ਮਾਰਕੇ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੁਆਰਾ ਪਾਰਟੀ ਦੇ ਜ਼ਿਲ੍ਹਾ ਜੱਥੇਦਾਰ ਅਤੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਰੋਹਿਤ ਕੁਮਾਰ ਮੋਟੂ ਵੋਹਰਾ ਦੀ ਮੌਜੂਦਗੀ ਵਿੱਚ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਮਹਿੰਦਰ ਸਿੰਘ ਦੇ ਪਰਿਵਾਰ ਉੱਤੇ ਪਹਿਲਾਂ ਵੀ ਕਈ ਕਾਤਲਾਨਾ ਹਮਲੇ ਹੋ ਚੁੱਕੇ ਹਨ ਪਰ ਪੁਲੀਸ ਨੇ ਸਿਆਸੀ ਸ਼ਹਿ ਉੱਤੇ ਠੋਸ ਕਾਰਵਾਈ ਨਹੀਂ ਕੀਤੀ ਜਿਸ ਦੇ ਚਲਦੇ ਬੁੱਧਵਾਰ ਸ਼ਾਮ ਨੂੰ ਮਹਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਮ੍ਰਿਤਕ ਮਹਿੰਦਰ ਸਿੰਘ ਦੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਪਿਛਲੇ 3 ਸਾਲ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਦੇ ਕਾਰਨ ਪਹਿਲਾਂ ਉਸ ਦੇ ਭਰਾ ਮਹਿੰਦਰ ਸਿੰਘ ਉੱਤੇ ਬੁੱਧਵਾਰ ਸਵੇਰੇ ਦੋ ਫਾਇਰ ਕੀਤੇ ਗਏ ਸਨ ਜਿਸ ਬਾਰੇ ਵਿੱਚ ਪੁਲੀਸ ਨੂੰ ਦੱਸਿਆ ਗਿਆ ਸੀ ਪਰ ਠੋਸ ਕਾਰਵਾਈ ਨਹੀਂ ਹੋਈ ਅਤੇ ਉਸ ਤੋਂ ਬਾਅਦ ਦੋਸ਼ੀਆਂ ਦੁਆਰਾ ਪਿੰਡ ਰੁਕਣਾ ਬੋਦਲੇ ਦੇ ਕੋਲ ਪੰਜੇ ਕੇ ਉਤਾੜ ਵਿੱਚ ਦਵਾਈ ਲੈਣ ਜਾ ਰਹੇ ਮਹਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਹਮਲੇ ਵਿੱਚ ਮਹਿੰਦਰ ਸਿੰਘ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੇ ਭਰਾ ਨਾਨਕ ਸਿੰਘ ਨੇ ਦੱਸਿਆ ਕਿ ਜੇਕਰ ਪੁਲੀਸ ਨੇ ਬੁੱਧਵਾਰ ਸਵੇਰੇ ਫਾਇਰ ਕਰਨ ਦੇ ਇਲਜ਼ਾਮ ਵਿੱਚ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਮ ਸਮੇਂ ਮਹਿੰਦਰ ਸਿੰਘ ਦਾ ਕਤਲ ਨਹੀਂ ਹੁੰਦਾ।
ਐੱਸਪੀ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ
ਲੋਕਾਂ ਦੇ ਰੋਹ ਨੂੰ ਵੇਖਦਿਆਂ ਐੱਸਪੀ (ਆਪ੍ਰੇਸ਼ਨਜ਼) ਗੁਰਮੀਤ ਸਿੰਘ ਚੀਮਾ ਧਰਨੇ ਵਾਲੀ ਥਾਂ ਉੱਤੇ ਪੁੱਜੇ ਅਤੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਇਸੇ ਦੌਰਾਨ ਧਰਨਾਕਾਰੀ ਹੱਤਿਆ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਲੈ ਕੇ ਬਜ਼ਿੱਦ ਰਹੇ ਅਤੇ ਕਿਹਾ ਕਿ ਜਦੋਂ ਤਕ ਸਾਰੇ ਮੁਲਜ਼ਮ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਸ ਸਮੇਂ ਤਕ ਧਰਨਾ ਜਾਰੀ ਰਹੇਗਾ।