ਸ਼ਮਸ਼ਾਨ ਭੂਮੀ ’ਤੇ ਕਬਜ਼ੇ ਦੀ ਕੋਸ਼ਿਸ਼ ਖ਼ਿਲਾਫ਼ Police Station ਅੱਗੇ ਧਰਨਾ
ਮੇਘਵਾਲ ਸਮਾਜ ਵੱਲੋਂ ਨਿਰਪੱਖ ਜਾਂਚ ਦੀ ਮੰਗ; ਪੁਲੀਸ ਵੱਲੋਂ ਕਾਰਵਾਈ ਦਾ ਭਰੋਸਾ
ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਬਾਜ਼ੀਤਪੁਰ ਭੋਮਾ ਵਿੱਚ ਮੇਘਵਾਲ ਸਮਾਜ ਦੀ ਸ਼ਮਸ਼ਾਨ ਭੂਮੀ ਵਿੱਚ ਕਥਿਤ ਭੰਨ-ਤੋੜ ਅਤੇ ਕਬਜ਼ੇ ਦੀ ਕੋਸ਼ਿਸ਼ ਦੇ ਵਿਰੋਧ ਵਿੱਚ ਅੱਜ ਸਰਬ ਸਮਾਜ ਵੱਲੋਂ ਥਾਣਾ ਬਹਾਵਵਾਲਾ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਅੰਗਰੇਜ਼ ਕੁਮਾਰ ਮੇਘਵਾਲ, ਪ੍ਰੇਮ ਪਰਦੇਸੀ ਮੇਘ, ਤਾਰਾ ਚੰਦ ਭਾਟੀਆ, ਸਰਪੰਚ ਰਾਜੇਸ਼ ਮੇਹਰਾਣਾ ਅਤੇ ਪ੍ਰਧਾਨ ਲਾਲੀ ਮੇਘ ਸਮੇਤ ਕਈ ਆਗੂਆਂ ਨੇ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਸ਼ਮਸ਼ਾਨ ਭੂਮੀ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੇ ਪੁਰਖਿਆਂ ਦੀਆਂ ਕਬਰਾਂ ਨਾਲ ਛੇੜ-ਛਾੜ ਕੀਤੀ ਗਈ, ਜਿਸ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਥਾਣਾ ਬਹਾਵਵਾਲਾ ਦੇ ਮੁਖੀ ਰਵਿੰਦਰ ਸ਼ਰਮਾ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਮਾਮਲੇ ਵਿੱਚ ਨਿਰਪੱਖ ਜਾਂਚ ਕਰ ਕੇ ਦਸ ਦਿਨਾਂ ਦੇ ਅੰਦਰ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਲੋੜ ਪੈਣ ’ਤੇ ਹੋਰ ਮੁਲਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ ਅਤੇ ਮਾਮਲੇ ਵਿੱਚ ਲੋੜ ਅਨੁਸਾਰ ਕਾਨੂੰਨੀ ਧਾਰਾਵਾਂ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਸਾਰੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਇਸ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਜੈ ਭੀਮ’, ‘ਜੈ ਭਾਰਤ’ ਅਤੇ ‘ਜੈ ਸੰਵਿਧਾਨ’ ਦੇ ਨਾਅਰੇ ਲਾਉਂਦਿਆਂ ਮਾਮਲੇ ਵਿੱਚ ਜਲਦ ਅਤੇ ਨਿਰਪੱਖ ਕਾਰਵਾਈ ਦੀ ਮੰਗ ਕੀਤੀ।

